ਜਦੋਂ ਮੈਂ ਕਿ੍ਕਟ ਵਰਲਡ ਕੱਪ ਖੇਡਿਆ

ਮਨਦੀਪ ਖੁਰਮੀ ਹਿੰਮਤਪੁਰਾ
ਕ੍ਰਿਕਟ ਵਰਲਡ ਕੱਪ ਚੱਲ ਰਿਹਾ ਸੀ। ਉੱਪਰੋਂ ਐੱਮ. ਏ. ਦੇ ਪੇਪਰ ਵੀ ਸਿਰ 'ਤੇ ਸਨ। ਮਾਤਾ ਵਾਰ ਵਾਰ ਇੱਕ ਚਿੱਤ ਹੋ ਕੇ ਪੜ੍ਹਨ ਨੂੰ ਕਹਿੰਦੀ। ਕ੍ਰਿਕਟ ਵੱਲ ਥੋੜ੍ਹਾ ਬਹੁਤਾ ਝੁਕਾਅ ਤਾਂ ਪਹਿਲਾਂ ਹੀ ਸੀ, ਪਰ ਟੀ. ਵੀ. 'ਤੇ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਚੱਲ ਰਹੀਆਂ ਮਸ਼ਹੂਰੀਆਂ ਨੇ ਵੀ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਸੀ। ਆਪਾਂ ਵੀ ਮੁੱਕਦੀ ਗੱਲ ਸ਼ਾਹੀ ਸ਼ੌਕ ਵਾਂਗ ਕ੍ਰਿਕਟ ਦਾ ਸ਼ੌਕ ਪਾਲਿਆ ਹੋਇਆ ਸੀ। ਜਦੋਂ ਵੀ ਜੀਅ ਕਰਦਾ ਡਾਕਟਰਾਂ ਦੇ ਨਿੰਦੇ ਤੇ ਜੀਤੇ ਨਾਲ ਰਲਕੇ ਛੋਟੇ ਜਿਹੇ ਵਿਹੜੇ ‘ਚ ਹੀ ਵਿਕਟਾਂ ਦੀ ਜਗ੍ਹਾ ਇੱਟਾਂ ਰੱਖਕੇ ਬਿੰਦਰ ਮਿਸਤਰੀ ਤੋਂ ਬਣਵਾਏ ਲੱਕੜ ਦੇ ਥਾਪੇ ਨਾਲ ਗੇਂਦ ਕੁੱਟਣੀ ਸ਼ੁਰੂ ਕਰ ਦੇਣੀ। ਬੇਸ਼ੱਕ ਮੈਂ ਕ੍ਰਿਕਟ ਦੇ ਇੱਕ ਚੰਗੇ ਖਿਡਾਰੀ ਵਜੋਂ ਕਿਸੇ ਦੇ ਚਿੱਤ ਚੇਤੇ ਵੀ ਨਾ ਹੋਵਾਂ ਪਰ ਉਸ ਵੇਲੇ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ ‘ਆਪਾਂ’ ਨੂੰ ਵੀ ਕ੍ਰਿਕਟ ਵਰਲਡ ਕੱਪ ਲਈ ਅੱਧ ਵਿਚਾਲਿਉਂ ਜਿਹੇ ਹੀ ਭਾਰਤੀ ਟੀਮ ਲਈ ਚੁਣ ਲਿਆ ਗਿਆ। ਅਖਬਾਰਾਂ ਵਿੱਚ ਖਬਰਾਂ ਛਪੀਆਂ, ਚੈਨਲਾਂ ਵਾਲੇ ਮੇਰੇ ਅੱਗੇ ਪਿੱਛੇ। ਲੋਕ ਇਸ ਤੋਂ ਵੀ ਵਧੇਰੇ ਇਸ ਗੱਲੋਂ ਹੈਰਾਨ ਕਿ ਇਹ ਕ੍ਰਿਸ਼ਮਾ ਹੋਇਆ ਕਿਵੇਂ? ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੁੰਝ ਚਰਚਾਵਾਂ ਚੱਲ ਪਈਆਂ। ਕੋਈ ਕਹੇ,”ਸਾਰੀ ਦਿਹਾੜੀ ਤਾਂ ਤੁਰਿਆ ਫਿਰਦਾ ਰਹਿੰਦੈ, ਕੋਈ ਨਾ ਕੋਈ ਜੁਗਾੜ ਲਾ ਗਿਐ।” ਕੋਈ ਕਹੇ, “ਇਹਨਾਂ ਦਾ ਕੋਈ ਰਿਸ਼ਤੇਦਾਰ ਚੋਣ ਕਮੇਟੀ ਦਾ ਮੈਂਬਰ ਐ, ਉਹਦੀ ਮਿੰਨਤ-ਮੁੰਨਤ ਕਰਕੇ ਕਹਾਣੀ ਫਿੱਟ ਕਰਲੀ ਹੋਊ।” ਪਰ ਜਿਆਦਾਤਰ ਲੋਕ ਇਸ ਕਰਕੇ ਖੁਸ਼ ਕਿ ਚਲੋ ਕੁੱਝ ਵੀ ਹੋਵੇ ਪਰ ਹਿੰਮਤਪੁਰੇ ਦਾ ਨਾਂ ਤਾਂ ਵਿਸ਼ਵ ਪੱਧਰ 'ਤੇ ਚਮਕੇਗਾ ਹੀ। ਉਹ ਦਿਨ ਵੀ ਆ ਗਿਆ ਜਦੋਂ ਮੈਂ ‘ਪੋਰਟ ਆਫ ਸਪੇਨ’ ਵੱਲ ਨੂੰ ਜਹਾਜੇ ਚੜ੍ਹਨਾ ਸੀ। ਲੋਕਾਂ ਨੇ ਹਾਰਾਂ ਨਾਲ ਲੱਦ ਦਿੱਤਾ, ਮਾਤਾ ਨੇ ਮੱਥੇ ਟਿੱਕਾ ਲਾ ਕੇ ਮੂੰਹ ਮਿੱਠਾ ਕਰਵਾਕੇ ਏਅਰਪੋਰਟ ਵੱਲ ਨੂੰ ਸਿੱਧਾ ਕਰ ਦਿੱਤਾ। ਲੋਕਾਂ ਦੀਆਂ ਦੁਆਵਾਂ ਨੇ ‘ਕਵੀਂਜ ਪਾਰਕ ਓਵਲ’ ਨਾਂ ਦੇ ਸਥਾਨ 'ਤੇ ਪਹੁੰਚਾ ਦਿੱਤਾ। ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਮਾਸਟਰ ਬਲਾਸਟਰ ਵਜੋਂ ਜਾਣੇ ਜਾਂਦੇ ਸਚਿਨ ਤੇਂਦੁਲਕਰ ਨਾਲ ਓਪਨਰ ਵਜੋਂ ਖੇਡਣ ਜਾ ਰਿਹਾ ਹਾਂ। ਸਾਡਾ ਮੈਚ ਬੰਗਲਾਦੇਸ਼ੀਆਂ ਨਾਲ ਸੀ। ਬੜੀ ਰੌਚਕ ਘੜੀ ਸੀ। ਜਿੱਥੇ ਸਚਿਨ ਨੂੰ ਇੱਕ ਵਾਰ ਦੇਖਣਾ ਵੀ ਦੁੱਭਰ ਸੀ, ਉੱਥੇ ਉਸ ਸਖਸ਼ ਨਾਲ ਮੈਂ ਇੱਕ ਸਾਂਝੇਦਾਰ ਵਜੋਂ ਖੇਡ ਰਿਹਾ ਸਾਂ। ਬੰਗਲਾਦੇਸ਼ ਦੇ ਗੇਂਦਬਾਜਾਂ ਦੀਆਂ ਗੇਂਦਾਂ ਦਾ ਸਾਹਮਣਾ ਕਰਦੇ ਪਹਿਲਾਂ ਪਹਿਲਾਂ ਤਾਂ ਅਸੀਂ ਲਿੱਪਾਪੋਚੀ ਜਿਹੀ ਕਰਦੇ ਰਹੇ। ਦੂਜੇ ਖਿਡਾਰੀ ਆਪੋ ਆਪਣੀ ਵਾਰੀ ‘ਉਡੀਕਣ’, ਪਰ ਮੈਂ ਤੇ ਸਚਿਨ ਜੀ ਨੇ ਘੁੱਗੀ ਨਾ ਖੰਘਣ ਦਿੱਤੀ। ਗੇਂਦਬਾਜ ਮੁਸਰਫ ਮੋਰਤਜਾ ਦੇ ਹੁਨਰ ਤੋਂ ਸ਼ਾਇਦ ਸਚਿਨ ਕਾਫੀ ਫਿਕਰਮੰਦ ਸੀ ਕਿਉਂਕਿ ਮੈਨੂੰ ਨੇੜੇ ਬੁਲਾਕੇ ਉਸਨੇ ਹੌਲੀ ਜਿਹੀ ਆਪਣੀ ਤਿੱਖੀ ਆਵਾਜ ‘ਚ ਆਖਿਆ,”ਖੁਰਮੀ, ਦੇਖੀਂ ਕਿਤੇ ਆਊਟ ਨਾ ਹੋਜੀਂ, ਮੋਰਤਜਾ ਦੀ ਗੇਂਦ ਦਾ ਪਤਾ ਜਿਹਾ ਨਹੀਂ ਲਗਦਾ ਕਿ ਆਉਂਦੀ ਕਿਧਰੋਂ ਹੈ ਤੇ ਜਾਂਦੀ ਕਿੱਧਰ ਨੂੰ ਹੈ।” ਮੈਂ ਸਚਿਨ ਦੀ ਘਬਰਾਹਟ ਦੂਰ ਕਰਦਿਆਂ ਕਿਹਾ,"ਸਚਿਨ ਜੀ ਫਿਕਰ ਨਾ ਕਰੋ, ਮੈਂ ਤਾਂ ਡਾਕਟਰਾਂ ਦੇ ਨਿੰਦੇ ਵਰਗਿਆਂ ਤੋਂ ਆਊਟ ਨਹੀਂ ਹੋਇਆ, ਮੋਰਤਜਾ ਤਾਂ ਕਿਹੜੇ ਬਾਗ ਦਾ ਸ਼ਲਗਮ ਐ।” ਬੰਗਲਾਦੇਸੀਆਂ ਵੱਲੋਂ ਸਾਡੀ ਟੀਮ ਅੱਗੇ ਰੱਖੇ ਵਿਸ਼ਾਲ ਸਕੋਰ ਦੇ ਪਾੜੇ ਨੂੰ ਖਤਮ ਕਰਨ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਰਾਉਣ ਦਾ ਜਜਬਾ ਮੇਰੇ ਦਿਲ ਵਿੱਚ ਢਕੇ ਹੋਏ ਦੁੱਧ ਵਾਂਗ ਉੱਬਲ ਰਿਹਾ ਸੀ। ਗੱਲ ਆਖਰੀ ਓਵਰ ਦੀ ਅਖਰੀ ਗੇਂਦ ਅਤੇ ਤਿੰਨ ਦੌੜਾਂ ਲੈਣ ਦੇ ਸਵਾਲ ਤੱਕ ਪੁੱਜ ਗਈ। ਮੇਰਾ ਬੈਟ ਵੀ ਮੋਰਤਜਾ ਦੀ ਗੇਂਦ ਨੂੰ ਰੱਸੇ ਤੋਂ ਪਾਰ ਟਪਾਉਣ ਲਈ ਕਾਹਲਾ ਸੀ। ਜਿਉਂ ਹੀ ਮੋਰਤਜਾ ਨੇ ਗੇਂਦ ਸੁੱਟੀ ਤੇ ਜਿਉਂ ਹੀ ਮੇਰਾ ਬੱਲਾ ਬਾਲ ਨਾਲ ਟਕਰਾਇਆ...............
ਫਿਰ ਕੀ ਸੀ ਮਿੱਤਰੋ! ਮੇਰਾ ਵਰਲਡ ਕੱਪ ਜਿੱਤਣ ਦਾ ਸੁਪਨਾ ਉਦੋਂ ਚਕਨਾਚੂਰ ਹੋ ਗਿਆ ਜਦੋਂ ਮੇਰੀ ਮਾਤਾ ਨੇ ਮੈਨੂੰ ਜੋਰ ਨਾਲ ਝੰਜੋੜਦਿਆਂ ਕਿਹਾ,"ਵੇ ਮੁੰਡਿਆ, ਕੀ ਗੱਲ ਹੋਗੀ? ਅੱਧਾ ਘੰਟਾ ਹੋ ਗਿਆ ਸੁੱਤਾ ਪਿਆ ਕੰਧ ‘ਚ ਈ ਮੁੱਕੀਆਂ ਮਾਰੀ ਜਾਨੈਂ। ਪੇਪਰ ਸਿਰ 'ਤੇ ਆਏ ਪਏ ਆ, ਉੱਠ ਕੇ ਪੜ੍ਹਿਆ ਨੀਂ ਜਾਂਦਾ।” ਇਸੇ ਗੱਲ ਦਾ ਹੀ ਅਫਸੋਸ ਮਾਰੀ ਜਾਂਦੈ ਕਿ ਜੇ ਮਾਤਾ ਦੋ ਮਿੰਟ ਹੋਰ ਨਾ ਜਗਾਉਂਦੀ ਤਾਂ ਆਸਟਰੇਲੀਆ ਟੀਮ ਦੀ ਕੀ ਮਜਾਲ ਸੀ ਕਿ ਵਰਲਡ ਕੱਪ ਜਿੱਤ ਜਾਂਦੀ। ਚੱਲੋ ਆਪਣੇ ਵੀ ਹੌਸਲੇ ਬੁਲੰਦ ਨੇ, ਰਹਿੰਦੀ ਖੂੰਹਦੀ ਕਸਰ ਕਦੇ ਫੇਰ ਕੱਢ ਦਿਆਂਗੇ।

2 comments: