ਇੰਗਲੈਂਡ ਕਬੱਡੀ ਕੱਪ 2010- (9)

'ਸੰਦੀਪ ਨੰਗਲ ਅੰਬੀਆਂ' ਬੈਸਟ ਜਾਫੀ ਤੇ 'ਭਿੰਦਾ ਨਵਾਜੀਪੁਰ' ਬੈਸਟ ਧਾਵੀ ਐਲਾਨੇ ।
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ)- ਕਵੈਂਟਰੀ ਏਸ਼ੀਅਨ ਸਪੋਰਟਸ ਫੈਡਰੇਸ਼ਨ ਵੱਲੋਂ ਇੰਗਲੈਂਡ ਕਬੱਡੀ ਕੱਪਾਂ ਦੀ ਲੜੀ ਤਹਿਤ ਨੌਵਾਂ ਖੇਡ ਮੇਲਾ ਸ਼ਹੀਦ ਊਧਮ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਕੀਤਾ । ਕਾਂ ਦੀ ਅੱਖ ਕੱਢਦੀ ਲਿਸ਼ਕੋਰਾਂ ਮਾਰਦੀ ਧੁੱਪ 'ਚ ਹਰ ਕੋਈ ਮਸਤਿਆ ਜਿਹਾ ਫਿਰਦਾ ਸੀ । ਕਬੱਡੀ ਦੇਖਣ ਦੇ ਸ਼ੌਕੀਨ ਡਾਰਾਂ ਬੰਨ੍ਹ ਬੰਨ੍ਹ ਕੇ ਪਹੁੰਚ ਰਹੇ ਸਨ । ਮੌਸਮ ਦੀ ਗਰਮਾਈ 'ਚ ਹਰ ਕਿਸੇ ਨੂੰ ਯਕੀਨ ਸੀ ਕਿ ਅੱਜ ਵਾਲੇ ਮੈਚ ਵੀ ਗਰਮ ਹੀ ਹੋਣਗੇ । ਅਰਦਾਸ ਉਪਰੰਤ ਰੈਫਰੀਆਂ ਦੀਆਂ ਸੀਟੀਆਂ ਨੇ ਚੀਕ ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ । ਮਾਈਕ ਤੋਂ ਆਵਾਜ਼ ਵੱਜੀ ਕਿ "ਟੈਲਫੋਰਡ ਤੇ ਟੈਲਫੋਰਡ+ਵੁਲਵ. ਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ 'ਚ ਪਹੁੰਚਦੀਆਂ ਹੋਣ ।" ਬਸ ਇੱਥੋਂ ਹੀ ਸ਼ੁਰੂ ਹੋਏ ਸਾਨ੍ਹਾਂ ਦੇ ਭੇੜ.....। ਬੇਸ਼ੱਕ ਘੱਟ ਕੋਈ ਵੀ ਨਹੀਂ ਸੀ ਪਰ ਜੱਸਾ ਸਿੱਧਵਾਂ ਤੇ ਖਾੜਕੂ ਦੀ ਸੱਟ ਕਾਰਨ ਟੈਲਫੋਰਡ+ਵੁਲਵ. ਦੀ ਟੀਮ ਕਮਜ਼ੋਰ ਜਿਹੀ ਲੱਗ ਰਹੀ ਸੀ । ਫਿਰ ਵੀ ਹਿੰਮਤਪੁਰੀਏ ਗੁੱਗੂ, ਗੁਰਲਾਲ ਘਨੌਰ, ਕੁਲਜਿੰਦਰ ਟੱਕਰ ਵਰਗਿਆਂ ਨੇ ਟੈਲਫੋਰਡ ਨੂੰ ਚੰਗੀ ਤਕੜੀ ਟੱਕਰ ਦਿੱਤੀ ਤੇ 37-35,5 ਦੇ ਅੰਤਰ ਨਾਲ ਟੂਰਨਾਮੈਂਟ ਦੇ ਪਹਿਲੇ ਮੈਚ ਦੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ । ਵੁਲਵਰਹੈਂਪਟਨ ਤੇ ਮਿੱਡਵੇ ਦੇ ਮੈਚ ਦੌਰਾਨ ਵੀ ਦਰਸ਼ਕਾਂ ਨੂੰ ਚੰਗੇ ਪਟਾਕੇ ਦੇਖਣ ਸੁਨਣ ਨੂੰ ਮਿਲੇ ਜਿਸ ਵਿੱਚੋਂ 34,5-32 ਦੇ ਮੁਕਾਬਲੇ ਵੁਲਵਰਹੈਂਪਟਨ ਨੇ ਜਿੱਤ ਦਰਜ਼ ਕੀਤੀ । ਕਵੈਂਟਰੀ ਤੇ ਗ੍ਰੇਵਜੈਂਡ ਦੇ ਮੈਚ ਵਿੱਚੋਂ 39,5-34 ਦੇ ਫ਼ਰਕ ਨਾਲ ਕਵੈਂਟਰੀ ਨੇ ਗ੍ਰੇਵਜੈਂਡ ਨੂੰ ਲਤਾੜਿਆ । ਲੈਸਟਰ ਤੇ ਸਲੋਹ 'ਚੋਂ ਸਲੋਹ ਦੇ ਧਾਵੀਆਂ ਨੂੰ ਤੱਤੀ ਵਾ ਨਹੀਂ ਲੱਗੀ ਕਿਉਂਕਿ ਸਿਰਫ ਤੇ ਸਿਰਫ ਗਗਨ ਨੰਗਲ ਅੰਬੀਆਂ ਨੇ ਹੀ ਭਿੰਦੇ ਨਵਾਜੀਪੁਰੀਏ ਨੂੰ ਜੱਫਾ ਮਾਰਿਆ ਜਦੋਂਕਿ ਬਾਕੀ ਧਾਵੀਆਂ ਨੇ ਪਿੰਡੇ Ḕਤੇ ਹੱਥ ਨਾ ਧਰਾਇਆ । ਮੈਚ 48,5-24 ਦੇ ਫ਼ਰਕ ਨਾਲ ਸਚਮੁੱਚ ਹੀ ਇੱਕ ਪਾਸੜ ਜਿਹਾ ਬਣ ਗਿਆ । ਹੇਜ਼ ਤੇ ਬਰਮਿੰਘਮ ਦੇ ਮੁਕਾਬਲੇ 'ਚੋਂ ਜੀਤ ਤੂਤ, ਧਨਵੰਤ, ਬਾਜਾ ਮੱਲਣ ਵਰਗਿਆਂ ਦੀ ਫੁਰਤੀ ਰੰਗ ਲਿਆਈ ਤੇ ਹੇਜ਼ ਦੀ ਟੀਮ 38'5-35 ਨਾਲ ਅੱਗੇ ਵਧੀ । ਦੂਜੇ ਗੇੜ ਦਾ ਪਹਿਲਾ ਮੈਚ ਟੈਲਫੋਰਡ+ਵੁਲਵ. ਤੇ ਬਾਰਕਿੰਗ ਦਰਮਿਆਨ ਹੋਇਆ । ਬੇਸ਼ੱਕ ਦਰਸ਼ਕ ਇਸ ਮੈਚ ਵਿੱਚੋਂ ਦੋ ਪੱਥਰਾਂ ਦੀ ਰਗੜ ਵਿੱਚੋਂ ਚੰਗਿਆੜੇ ਨਿਕਲਣ ਵਰਗੀ ਆਸ ਲਗਾਈ ਬੈਠੇ ਸਨ ਪਰ 35-27,5 ਦੇ ਫ਼ਰਕ ਨਾਲ ਬਾਰਕਿੰਗ ਨੇ ਦੱਸ ਦਿੱਤਾ ਕਿ 'ਅਸੀਂ ਵੀ ਤੇਈ-ਨੱਤੀ ਖਾਂਨੇ ਆਂ ।' ਜਿਉਂ ਹੀ ਕਵੈਂਟਰੀ ਤੇ ਵੁਲਵਰਹੈਂਪਟਨ ਦੇ ਮੈਚ ਦੌਰਾਨ ਪਟਾਕਿਆਂ ਦੀ ਆਵਾਜ਼ ਸੁਣਾਈ ਦੇਣ ਲੱਗੀ ਤਾਂ ਖੇਡ ਮੈਦਾਨ ਤੋਂ ਆਸੇ ਪਾਸੇ ਫਿਰਦੇ ਦਰਸ਼ਕ ਆਪ-ਮੁਹਾਰੇ ਨੇੜੇ ਹੋਣੇ ਸ਼ੁਰੂ ਹੋ ਗਏ । ਹਿੰਮਤਪੁਰੀਏ ਪਰਗਟ, ਬਲਕਾਰਾ ਸ਼ਿਕਾਰ ਮਾਛੀਆਂ, ਮਹਾਜੂ ਔਲਖ ਦੇ ਜੱਫਿਆਂ ਤੇ ਸੁਖਮਨ, ਸੱਬੇ ਦੇ ਧਾਵਿਆਂ ਨੇ ਇੱਕ ਵਾਰ ਤਾਂ ਬੱਲੇ ਬੱਲੇ ਕਰਵਾ ਦਿੱਤੀ । ਵੁਲਵਰਹੈਂਪਟਨ ਦੀ ਟੀਮ 'ਚੋਂ ਗਿੱਟੇ ਦੀ ਗੰਭੀਰ ਸੱਟ ਕਾਰਨ ਬਾਹਰ ਹੋਏ ਖਿਡਾਰੀ ਦੀਪ ਹਿੰਮਤਪੁਰਾ ਉਰਫ 'ਜੰਬੋ' ਦੀ ਧੱਕੜ ਖੇਡ ਨੂੰ ਦਰਸ਼ਕ ਤਰਸਦੇ ਰਹੇ। ਮੈਚ 34-34,5 ਦੇ ਮਾਮੂਲੀ ਜਿਹੇ ਫ਼ਰਕ ਨਾਲ ਵੁਲਵਰਹੈਂਪਟਨ ਦੇ ਹਿੱਸੇ ਆਇਆ । ਡਰਬੀ ਤੇ ਸਲੋਹ ਦੇ ਮੁਕਾਬਲੇ 'ਚ 41-27,5 ਦੇ ਮੁਕਾਬਲੇ ਇੱਕ ਪਾਸੜ ਮੈਚ ਵਿੱਚ ਸੰਦੀਪ ਨੰਗਲ ਅੰਬੀਆਂ, ਰਮਨ ਰੁੜਕਾ, ਭਿੰਦਾ ਨਵਾਜੀਪੁਰ, ਕਾਲੂ ਕਾਲਾ ਸੰਘਿਆਂ ਵਰਗਿਆਂ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ ਤੇ ਸਲੋਹ ਫਿਰ ਜੇਤੂ ਰਹੀ । ਹੇਜ਼ ਤੇ ਈਰਥ+ਵੂਲਿਚ ਮੈਚ ਵਿੱਚ ਸਿੰਧ ਦੀ ਘੋੜੀ ਵਰਗੇ ਫੁਰਤੀਲੇ ਚੋਬਰ ਜੀਤ ਤੂਤ ਪਿੰਡ ਦੀਆਂ ਰੇਡਾਂ ਦੀ ਸਰਦਾਰੀ ਰਹੀ । ਸੈਮੀਫਾਈਨਲ ਦੇ ਸਲੋਹ ਅਤੇ ਬਾਰਕਿੰਗ ਦੇ ਪਹਿਲੇ ਮੈਚ ਨੂੰ ਖੇਡ ਮੇਲੇ ਦਾ ਹਾਸਲ ਮੈਚ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ 48,5-46 ਦੇ ਫ਼ਰਕ ਨਾਲ ਸਲੋਹ ਦੇ ਹੱਕ 'ਚ ਰਹੇ ਇਸ ਮੈਚ ਨੇ ਸਭ ਤੋਂ ਵਧੇਰੇ ਤਾੜੀਆਂ ਬਟੋਰੀਆਂ । ਵੁਲਵਰਹੈਂਪਟਨ ਤੇ ਹੇਜ਼ Ḕਚੋਂ 45,5-39 ਦੇ ਅੰਤਰ ਨਾਲ ਸ਼ਿੰਦੇ ਅਮਲੀ ਦੀ ਟੀਮ ਵਜੋਨ ਜਾਣੀ ਜਾਂਦੀ ਵੁਲਵਰਹੈਂਪਟਨ ਦੀ ਟੀਮ ਨੇ ਬਾਜ਼ੀ ਮਾਰੀ । ਫਾਈਨਲ ਮੈਚ ਵੁਲਵਰਹੈਂਪਟਨ ਤੇ ਸਲੋਹ ਦੀਆਂ ਟੀਮਾਂ ਦੌਰਾਨ ਹੋਇਆ ਪਰ ਸਲੋਹ ਦਾ ਹਰ ਖਿਡਾਰੀ ਹੀ ਹੱਥ ਲਾਇਆਂ ਬਿਜਲੀ ਵਾਂਗ ਕਰੰਟ ਮਾਰਦਾ ਸੀ । ਚਾਹੇ ਉਹ ਕਾਲੂ ਹੋਵੇ ਜਿਸ ਕੋਲ ਉੱਪਰੋਂ ਦੀ ਵਗਾਹ ਕੇ ਮਾਰਨ ਦੀ ਕਲਾ ਹੈ, ਭਾਵੇਂ ਉਹ ਸੰਦੀਪ ਨੰਗਲ ਅੰਬੀਆਂ ਹੋਵੇ ਜਿਸ ਕੋਲ ਧਾਵੀ ਨੂੰ ਉਲਝਾ ਕੇ ਸਮਾਂ ਪੂਰਾ ਕਰਵਾ ਦੇਣ ਦਾ ਗੁਣ ਹੋਵੇ ਜਾ ਫਿਰ ਸੋਹਣ ਜਾਂ ਰਮਨ ਰੁੜਕੇ ਵਰਗੇ 'ਚਿੰਬੜੂ' ਖਿਡਾਰੀ ਹੋਣ ਜੋ ਚਿੰਬੜਦੇ ਤਾਂ ਆਪਣੀ ਮਰਜ਼ੀ ਨਾਲ ਹਨ ਪਰ ਖਹਿੜਾ ਰੈਫਰੀ ਦੀ ਸੀਟੀ ਵੱਜਣ ਤੋਂ ਬਾਦ ਛੱਡਦੇ ਹਨ । ਅੰਤ ਮੈਚ ਸਲੋਹ ਦੇ ਪਾਸੇ ਵੱਲ ਝੁਕਿਆ ਤੇ ਕਵੈਂਟਰੀ ਖੇਡ ਮੇਲੇ ਦਾ ਕੱਪ ਫਿਰ ਸਲੋਹ ਦੀ ਝੋਲੀ ਆਣ ਪਿਆ । ਖੇਡ ਮੇਲੇ ਦੌਰਾਨ ਜਿੱਥੇ ਕੁਮੈਂਟਰੀ ਰਾਹੀਂ ਵਿਸ਼ਵ ਪ੍ਰਸਿੱਧ ਕੁਮੈਂਟੇਟਰ ਅਰਵਿੰਦਰ ਕੋਛੜ, ਭਿੰਦਾ ਮੁਠੱਡਾ ਤੇ ਸੋਖੇ ਨੇ ਸੇਵਾ ਨਿਭਾਈ ਉੱਥੇ ਖੇਡ ਲੇਖਕ ਪਰਮਜੀਤ ਸਿੰਘ ਬਾਗੜੀਆ ਦੇ ਲੇਖੇ ਮੁਤਾਬਕ ਸੰਦੀਪ ਨੰਗਲ ਅੰਬੀਆਂ ਨੂੰ ਬੈਸਟ ਜਾਫੀ ਤੇ ਭਿੰਦਾ ਨਵਾਜੀਪੁਰ ਨੂੰ ਬੈਸਟ ਧਾਵੀ ਦੇ ਖਿਤਾਬ ਨਾਲ ਨਿਵਾਜਿਆ ਗਿਆ । ਭਿੰਦਾ ਮੁਠੱਡਾ ਨੂੰ ਉਸਦੇ ਪ੍ਰਸੰਸਕਾਂ ਵੱਲੋਂ ਗੋਲਡ ਮੈਡਲ ਨਾਲ ਵਿਸ਼ੇਸ਼ ਨਾਲ ਸਨਮਾਨਿਤ ਕੀਤਾ ਗਿਆ । ਸਤਨਾਮ ਸਿੰਘ ਗਿੱਲ, ਰਕੇਸ਼ ਸਚਦੇਵ, ਭਜਨ ਸਿੰਘ ਸਮਰਾ, ਗੁਰਦੇਵ ਸਿੰਘ ਹੇਅਰ, ਭਜਨ ਸਿੰਘ ਨਾਹਲ, ਦਿਲਬਾਗ ਗਿੱਲ, ਮੇਹਰ ਸਿੰਘ ਕੰਗ, ਕੁਲਦੀਪ ਗਿੱਲ, ਸੋਹਣ ਚੀਮਾ, ਮੱਖਣ ਸਿੰਘ, ਕੇਵਲ ਸਿੰਘ ਪਾਸਲਾ, ਗੁਰਉਪਕਾਰ ਧਾਮੀ, ਪਰਮਜੀਤ ਸੈਂਭੀ, ਭੁਪਿੰਦਰ ਧਾਲੀਵਾਲ, ਸ਼ਿੰਦਾ ਛੂ ਮੰਤਰ ਆਦਿ ਸਮੇਤ ਸਮੂਹ ਅਹੁਦੇਦਾਰ ਤੇ ਮੈਂਬਰ ਸਫ਼ਲ ਮੇਲੇ ਵਧਾਈ ਦੇ ਹੱਕਦਾਰ ਬਣੇ ।

No comments:

Post a Comment