'ਗੁੱਗੂ ਹਿੰਮਤਪੁਰੀਆ' ਬੈਸਟ ਧਾਵੀ ਤੇ 'ਪਾਲਾ ਡਡਵਿੰਡੀ' ਬੈਸਟ ਜਾਫੀ ਐਲਾਨੇ ।
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ)-ਜਿਵੇਂ ਨਵੀਂ ਵਿਆਹੀ ਮੁਟਿਆਰ ਸਹੁਰੇ ਘਰ ਬੈਠੀ ਤੀਆਂ ਦਾ ਤਿਉਹਾਰ ਉਡੀਕਦੀ ਹੁੰਦੀ ਹੈ ਬਿਲਕੁਲ ਓਹੀ ਹਾਲਤ ਸੀ ਐੱਸ਼ ਐੱਸ਼ ਕਬੱਡੀ ਐਂਡ ਕਲਚਰਲ ਕਲੱਬ ਸਲੋਹ ਵਾਲਿਆਂ ਦੀ । ਸਾਊਥਾਲ ਤੇ ਹੇਜ਼ ਦੇ ਕਬੱਡੀ ਖੇਡ ਮੇਲੇ ਲੰਘ ਜਾਣ ਪਿੱਛੋਂ ਲੰਮੇ ਸਮੇਂ ਬਾਦ ਵਾਰੀ ਆਈ ਸਲੋਹ ਦੇ ਖੇਡ ਮੇਲੇ ਦੀ । ਦੋ ਕਬੱਡੀ ਕੱਪ ਹੱਥ ਹੇਠ ਕਰਕੇ ਕਲੱਬ ਪ੍ਰਬੰਧਕਾਂ, ਪ੍ਰਮੋਟਰਾਂ, ਖਿਡਾਰੀਆਂ ਤੇ ਪ੍ਰਸੰਸਕਾਂ ਨੂੰ ਬੜਾ ਚਾਅ ਸੀ ਕਿ ਤੀਆਂ ਵਾਂਗ ਸਲੋਹ ਦੇ ਕਬੱਡੀ ਖੇਡ ਮੇਲੇ 'ਚ ਵੀ ਰੌਣਕ ਜੁੜੇ...। ਸੁਲੱਖਣੀ ਘੜੀ ਆਈ ਤੇ ਰੈਫਰੀਆਂ ਦੀਆਂ ਸੀਟੀਆਂ, ਕੁਮੈਂਟੇਟਰਾਂ ਦੇ ਹੋਕਰਿਆਂ ਨੇ ਆਂਢ-ਗੁਆਂਢ ਦੇ ਕਸਬਿਆਂ 'ਚ ਵੀ ਦੱਸ ਦਿੱਤਾ ਕਿ ਅੱਜ ਸਲੋਹ 'ਚ 'ਕੌਡੀ-ਕੌਡੀ' ਹੋਣ ਲੱਗੀ ਐ । ਸਲੋਹ ਦੇ ਖੇਡ ਮੇਲੇ ਦਾ ਪਹਿਲਾ ਮੈਚ ਟੈਲਫੋਰਡ+ਵੁਲਵ. ਅਤੇ ਸਿੰਘ ਸਭਾ ਸਾਊਥਾਲ ਦੀਆਂ ਟੀਮਾਂ ਵਿਚਕਾਰ ਹੋਇਆ । ਜਿਸ ਵਿੱਚ ਸਾਊਥਾਲ ਦੇ ਖਿਡਾਰੀਆਂ ਪਿੰਕੂ ਖਹਿਰਾ, ਹੈਪੀ ਮੁੰਡੀਆਂ, ਅਮਨ ਕਕਰਾਲਾ, ਕਾਕਾ ਘਣੀਵਾਲ, ਗਿੰਦਾ ਗੁਰਦਾਸਪੁਰ ਵਰਗਿਆਂ ਨੇ ਅੱਧੇ ਸਮੇਂ ਤੱਕ 16-16,5 ਦੇ ਫ਼ਰਕ ਨਾਲ ਅੱਗੇ ਪੈਰ ਧਰਿਆ ਹੋਇਆ ਸੀ ਪਰ ਵਿਰੋਧੀਆਂ ਨੇ ਵਧੇ ਪੈਰਾਂ ਨੂੰ 35-30,5 ਦੇ ਫਰਕ ਨਾਲ ਪਿਛਾਂਹ ਖਿੱਚ ਕੇ ਜਿੱਤ ਦਰਜ਼ ਕੀਤੀ । ਕਵੈਂਟਰੀ ਤੇ ਬਾਰਕਿੰਗ ਦੇ ਮੈਚ ਨੂੰ ਖੇਡ ਮੇਲੇ ਦਾ ਸਭ ਤੋਂ ਫਸਵਾਂ ਮੈਚ ਕਹਿਣਾ ਬਣਦਾ ਹੈ ਜਿਸ ਵਿੱਚ 36-36,5 ਦੇ ਫ਼ਰਕ ਨਾਲ ਕਵੈਂਟਰੀ ਨੇ ਬਾਜ਼ੀ ਮਾਰੀ। ਬਰਮਿੰਘਮ ਤੇ ਡਰਬੀ ਦੇ ਮੁਕਾਬਲੇ 'ਚੋਂ ਬਰਮਿੰਘਮ ਨੇ 38-37,5 ਦੇ ਅੰਤਰ ਨਾਲ ਜਿੱਤ ਹਾਸਲ ਕੀਤੀ । ਵੁਲਵਰਹੈਂਪਟਨ ਤੇ ਮਿੱਡਵੇ ਦੇ ਮੈਚ 'ਚ ਸੁਖਮਨ ਚੋਹਲਾ ਸਾਹਿਬ, ਸੱਬਾ ਗੁਰਦਾਸਪੁਰੀਏ, ਬਲਕਾਰਾ ਸ਼ਿਕਾਰ ਮਾਛੀਆਂ, ਪਰਗਟ ਹਿੰਮਤਪੁਰੀਏ ਤੇ ਮਹਾਜੂ ਔਲਖ ਦੀ ਖੇਡ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ ਤੇ ਵੁਲਵਰਹੈਂਪਟਨ 34-29,5 ਦੇ ਫ਼ਰਕ ਨਾਲ ਮਿੱਡਵੇ ਨੂੰ ਪਛਾੜਿਆ । ਹੇਜਲ ਤੇ ਲੈਸਟਰ ਦੇ ਮੁਕਾਬਲੇ 'ਚ ਜੀਤ ਤੂਤ, ਜਗਦੀਪ ਢੀਮਾਂਵਾਲੀ, ਧਨਵੰਤ ਮੋਗਾ, ਵਿੱਕੀ ਘਨੌਰ, ਬਾਜਾ ਮੱਲਣ, ਬਗੀਚਾ ਇੰਦਗੜ੍ਹ ਤੇ ਸੀਪੇ ਵਰਗਿਆਂ ਦੀ ਮਿਹਨਤ ਜਿੱਤ ਵਿੱਚ ਬਦਲੀ । ਗ੍ਰੇਵਜੈਂਡ ਤੇ ਟੈਲਫੋਰਡ ਦੇ ਮੁਕਾਬਲੇ 'ਚੋਂ 33,5-25 ਦੇ ਫ਼ਰਕ ਨਾਲ ਗ੍ਰੇਵਜੈਂਡ ਅੱਗੇ ਵਧੀ । ਦੂਜੇ ਗੇੜ ਦੇ ਮੁਕਾਬਲਿਆਂ 'ਚ ਟੈਲਫੋਰਡ+ਵੁਲਵ. ਅਤੇ ਮੇਜ਼ਬਾਨ ਟੀਮ ਸਲੋਹ ਦੇ ਸਿੰਗ ਫਸੇ। ਜਿਸ ਵਿੱਚ ਟੈਲਫੋਰਡ ਨੇ 33-37,5 ਦੇ ਮੁਕਾਬਲੇ ਨਾਲ ਸਲੋਹ ਦੇ ਸੁਪਨੇ ਚਕਨਾਚੂਰ ਕੀਤੇ । ਸੈਮੀਫਾਈਨਲ ਦੇ ਪਹਿਲੇ ਮੈਚ ਵਿੱਚ ਟੈਲਫੋਰਡ+ਵੁਲਵ. ਨੇ ਹੇਜ਼ ਨੂੰ 38,5-28 ਦੇ ਵੱਡੇ ਫ਼ਰਕ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਪਾਇਆ । ਦੂਸਰੇ ਪਾਸੇ ਈਰਥ ਤੇ ਗ੍ਰੇਵਜੈਂਡ ਦੇ ਮੈਚ ਵਿੱਚ ਅੱਧ ਤੱਕ ਫ਼ਰਕ 21,5-22 ਦਾ ਹੀ ਸੀ ਪਰ ਈਰਥ ਵਾਲਿਆਂ ਦੇ ਝੋਟੇ ਦੇ ਸਿਰ ਵਰਗੇ ਸੱਤ ਜੱਫੇ ਜਿੱਤ ਦਿਵਾਉਣ 'ਚ ਕਾਮਯਾਬ ਰਹੇ । ਖੇਡ ਮੇਲੇ ਦੌਰਾਨ ਫਾਈਨਲ ਮੈਚ ਤੋਂ ਪਹਿਲਾਂ ਇੰਗਲੈਂਡ ਵਿੱਚ ਜਨਮੇ ਬੱਚਿਆਂ ਦੇ ਕਬੱਡੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ । ਪਲਵਿੰਦਰ ਢੰਡੇ ਨੇ ਲੋਹੇ ਦੀ ਆਹਰਨ ਚੁੱਕ ਕੇ ਆਪਣੀ ਤਾਕਤ ਦਾ ਲੋਹਾ ਮੰਨਵਾਇਆ । ਜਿੱਥੇ ਖੇਡ ਮੇਲੇ ਦੀ ਕਾਮਯਾਬੀ ਲਈ ਸਤਿੰਦਰ ਗੋਲਡੀ, ਰਛਪਾਲ ਸ਼ੀਰਾ, ਕੁਲਵੰਤ ਚੱਠਾ, ਇੰਦਰਜੀਤ ਢਿੱਲੋਂ, ਦਰਸ਼ਨ ਢਿੱਲੋਂ, ਕਮਲਜੀਤ ਕੂਨਰ ਵਰਗਿਆਂ ਨੇ ਤਨਦੇਹੀ ਨਾਲ ਕੰਮ ਕੀਤਾ ਉੱਥੇ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਧਾਨ ਸਾਹਿਬਾ ਬੀਬੀ ਜਗਦੀਸ਼ ਕੌਰ, ਸਾਊਥਾਲ ਈਲਿੰਗ ਹਲਕੇ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ, ਆਦਮਪੁਰ ਹਲਕੇ ਦੇ ਵਿਧਾਇਕ ਸਰਬਜੀਤ ਸਿੰਘ ਮੱਕੜ, ਸੁਕਦੇਵ ਸਿੰਘ ਔਜਲਾ, ਉਮਰਾਓ ਸਿੰਘ ਅਟਵਾਲ, ਬਿੱਟੂ ਮੋਹੀ, ਕੇਸਰ ਸਿੰਘ ਧਾਲੀਵਾਲ ਆਦਿ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ । ਜਿਉਂ ਹੀ ਫਾਈਨਲ ਮੈਚ ਲਈ ਸੀਟੀਆਂ ਵੱਜੀਆਂ ਤਾਂ ਟੈਲਫੋਰਡ+ਵੁਲਵ. ਤੇ ਈਰਥ ਦੀਆਂ ਟੀਮਾਂ ਮੇਹਣੋ ਮੇਹਣੀ ਹੋਣ ਲੱਗੀਆਂ । ਧੂੰਆਂਧਾਰ ਖੇਡ ਦੇ ਜੁਰਕੇ ਦੇਖਦਿਆਂ ਦਰਸ਼ਕ ਵੀ ਗਦਗਦ ਹੋਏ ਬੈਠੇ ਸਨ । ਅੰਤਾਂ ਦੀ ਜ਼ਬਰਦਸਤ ਖੇਡ ਤੋਂ ਬਾਦ ਟੈਲਫੋਰਡ+ਵੁਲਵ. ਦੀ ਟੀਮ ਸਲੋਹ ਖੇਡ ਮੇਲੇ ਦਾ ਕੱਪ ਚੁੰਮਣ 'ਚ ਕਾਮਯਾਬ ਹੋਈ ਤੇ ਈਰਥ ਨੂੰ ਦੂਜੇ ਨੰਬਰ 'ਤੇ ਹੀ ਸਬਰ ਕਰਨਾ ਪਿਆ । ਕਬੱਡੀ ਮੇਲਿਆਂ ਦੇ ਲੇਖਾਕਾਰ ਵਜੋਂ ਸੇਵਾ ਨਿਭਾ ਰਹੇ ਖੇਡ ਲੇਖਕ ਪਰਮਜੀਤ ਸਿੰਘ ਬਾਗੜੀਆ ਦੇ ਰਿਕਾਰਡ ਅਨੁਸਾਰ 'ਨਾਨ-ਸਟਾਪ' 19 ਧਾਵੇ ਮਾਰਨ ਵਾਲੇ ਗੁੱਗੂ ਹਿੰਮਤਪੁਰੀਏ ਨੂੰ ਬੈਸਟ ਧਾਵੀ ਅਤੇ 7 ਜੱਫੇ ਮਾਰਨ ਵਾਲੇ ਪਾਲਾ ਡਡਵਿੰਡੀ ਨੂੰ ਬੈਸਟ ਜਾਫੀ ਦੇ ਸਨਮਾਨਾਂ ਨਾਲ ਨਿਵਾਜਿਆ ਗਿਆ । ਕੁਮੈਂਟੇਟਰਾਂ ਵਜੋਂ ਰਵਿੰਦਰ ਕੋਛੜ, ਭਿੰਦਾ ਮੁਠੱਡਾ ਤੇ ਸੋਖੇ ਢੇਸੀ ਨੇ ਲੋਕਾਂ ਦਾ ਜੀਅ ਲੁਆਈ ਰੱਖਿਆ ।
No comments:
Post a Comment