ਇੰਗਲੈਂਡ ਕਬੱਡੀ ਕੱਪ 2010- (11)

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ)- ਇੰਗਲੈਂਡ ਕਬੱਡੀ ਕੱਪਾਂ ਦੀ ਲੜੀ ਤਹਿਤ 11ਵਾਂ ਕਬੱਡੀ ਕੱਪ ਬਰਮਿੰਘਮ ਵਾਲਿਆਂ ਦੇ ਹਿੱਸੇ ਸੀ, ਜਿਹਨਾਂ ਨੇ ਇਸ ਖੇਡ ਮੇਲੇ ਨੂੰ '46ਵੇਂ ਸ਼ਹੀਦੀ ਟੂਰਨਾਮੈਂਟ' ਦੇ ਬੈਨਰ ਹੇਠ ਕਰਵਾਉਣ ਦਾ ਫੈਸਲਾ ਲਿਆ ਸੀ। ਸ਼ਹੀਦ ਊਧਮ ਸਿੰਘ, ਭਾਈ ਕੇਹਰ ਸਿੰਘ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਹਰਦੇਵ ਸਿੰਘ ਬਾਪੂ ਦੀਆਂ ਤਸਵੀਰਾਂ ਵਾਲੇ, 'ਖਾਲਿਸਤਾਨ ਜ਼ਿੰਦਾਬਾਦ' ਅਤੇ 'ਸਿੱਖੀ ਨੂੰ ਖੋਰਾ ਲਾਉਣ ਵਾਲੇ' ਦੇਹਧਾਰੀ ਬਾਬਿਆਂ ਤੋਂ ਦੂਰੀ ਬਣਾਈ ਰੱਖਣ ਦੀ ਸਿੱਖਿਆ ਦਿੰਦੇ ਬੈਨਰ ਸਟੇਡੀਅਮ 'ਚ ਵੜਦਿਆਂ ਦਾ ਸਵਾਗਤ ਕਰਦੇ ਸਨ। ਰੈਫਰੀ ਭਜੀ ਖੀਰਾਂ ਵਾਲੀ, ਸਵਰਨਾ, ਜੈਲਾ, ਚੁੰਨੀ ਪੱਤੜ ਵਰਗੇ ਆਪੋ ਆਪਣੀਆਂ ਸੀਟੀਆਂ 'ਚ ਫੂਕਾਂ ਮਾਰ ਮਾਰ ਦੇਖ ਰਹੇ ਸਨ ਕਿ 'ਵੱਜਦੀਆਂ ਵੀ ਹਨ ਕਿ ਨਹੀਂ?' ਦੂਜੇ ਪਾਸੇ ਵਿਸ਼ਵ ਪੱਧਰ 'ਤੇ ਚਰਚਿਤ ਕੁਮੈਂਟੇਟਰ ਰਵਿੰਦਰ ਕੋਛੜ ਵੀ ਕਾਲੀਆਂ ਐਨਕਾਂ ਲਾ ਹੱਥ 'ਚ ਮਾਈਕ ਫੜ੍ਹੀ ਭਲਵਾਨੀ ਗੇੜੇ ਕੱਢਦਾ ਫਿਰ ਰਿਹਾ ਸੀ। ਜੀ. ਐੱਨ. ਜੀ. ਕਬੱਡੀ ਕਲੱਬ ਵੱਲੋਂ ਨਿੰਨੀ ਸਹੋਤਾ, ਹਰਨੇਕ ਨੇਕਾ ਅਤੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਪ੍ਰਬੰਧਕ ਕਮੇਟੀ ਵੱਲੋਂ ਤਰਸੇਮ ਸਿੰਘ ਛੋਕਰ, ਪਰਮਜੀਤ ਸਿੰਘ, ਮਲਕੀਤ ਸਿੰਘ ਤੇਹਿੰਗ ਵੀ ਖੇਡ ਮੇਲੇ ਨੂੰ ਸ਼ਾਨੋ ਸ਼ੌਕਤ ਨਾਲ ਨੇਪਰੇ ਚਾੜ੍ਹਨ ਲਈ ਮੁੱਠੀਆਂ 'ਚ ਥੁੱਕੀ ਫਿਰਦੇ ਸਨ। ਖੇਡ ਮੇਲੇ ਦਾ ਪਹਿਲਾ ਮੁਕਾਬਲਾ ਸਿੱਖ ਟੈਂਪਲ ਵੁਲਵਰਹੈਂਪਟਨ ਅਤੇ ਲੈਸਟਰ ਦੀਆਂ ਟੀਮਾਂ ਦਰਮਿਆਨ ਹੋਇਆ ਜਿਸ ਵਿੱਚੋਂ ਵੁਲਵਰਹੈਂਪਟਨ ਜੇਤੂ ਰਹੀ। ਟੈਲਫੋਰਡ ਤੇ ਮਿੱਡਵੇ ਵਿੱਚੋਂ 32.5-21 ਦੇ ਮੁਕਾਬਲੇ ਟੈਲਫੋਰਡ ਜੇਤੂ ਰਹੀ। ਬੇਹੱਦ ਫਸਵੇਂ ਮੈਚ ਦਾ ਨਜ਼ਾਰਾ ਗ੍ਰੇਵਜੈਂਡ ਤੇ ਕਵੈਂਟਰੀ ਦੇ ਮੁਕਾਬਲੇ ਦੌਰਾਨ ਦੇਖਣ ਨੂੰ ਮਿਲਿਆ ਜਿਸ ਵਿੱਚੋਂ ਸਿਰਫ ਅੱਧੇ ਅੰਕ ਦੇ ਫ਼ਰਕ ਨਾਲ ਹੀ ਗ੍ਰੇਵਜੈਂਡ ਨੇ ਜਿੱਤ ਦਰਜ਼ ਕੀਤੀ। ਮੇਜ਼ਬਾਨ ਟੀਮ ਬਰਮਿੰਘਮ ਦਾ ਮੁਕਾਬਲਾ ਟੈਲਫੋਰਡ+ਵੁਲਵ. ਨਾਲ ਹੋਇਆ ਜਿਸ ਵਿੱਚੋਂ ਟੈਲਫੋਰਡ+ਵੁਲਵ. ਨੇ ਬਰਮਿੰਘਮ ਵਾਲਿਆਂ ਨੂੰ ਬਾਕੀ ਦੇ ਮੈਚ 'ਬੈਠ ਕੇ ਦੇਖਣ' ਲਈ ਮਜ਼ਬੂਰ ਕੀਤਾ। ਵੁਲਵਰਹੈਂਪਟਨ ਤੇ ਡਰਬੀ ਦੇ ਮੁਕਾਬਲੇ 'ਚ ਜਿੱਤੇ ਸੁਖਮਨ ਗੋਡੇ ਦੀ ਸੱਟ ਦੇ ਬਾਵਜੂਦ ਵੀ ਸਾਨ੍ਹ ਵਾਂਗ ਬੁੱਕਦਾ ਫਿਰਦਾ ਸੀ ਓਥੇ ਪਰਗਟ ਹਿੰਮਤਪੁਰੀਆ, ਬਲਕਾਰਾ ਸ਼ਿਕਾਰ ਮਾਛੀਆਂ ਤੇ ਲਾਡੀ ਮਹਾਜੂ ਔਲਖ ਦੇ ਜੱਫਿਆਂ ਨੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕੀਤਾ। ਬੇਸ਼ੱਕ ਵੁਲਵਰਹੈਂਪਟਨ ਦੀ ਟੀਮ ਕਾਫੀ ਚੰਗਾ ਖੇਡਦੀ ਆ ਰਹੀ ਸੀ ਪਰ ਫਿਰ ਵੀ ਜੰਬੋ ਦੇ ਨਾਂ ਨਾਲ ਮਸ਼ਹੂਰ ਦੀਪ ਹਿੰਮਤਪੁਰੀਆ ਸੱਟ ਲੱਗਣ ਕਾਰਨ ਬਾਹਰ ਬੈਠਾ ਹੀ ਲੂਰ੍ਹੀਆਂ ਲਈ ਜਾ ਰਿਹਾ ਸੀ। ਦੂਜੇ ਗੇੜ ਦਾ ਮੈਚ ਟੈਲਫੋਰਡ+ਵੁਲਵ. ਤੇ ਸਾਊਥਾਲ ਦੀਆਂ ਟੀਮਾਂ ਵਿਚਕਾਰ ਹੋਇਆ। ਬੇਸ਼ੱਕ ਗੁੱਗੂ ਹਿੰਮਤਪੁਰੀਆ, ਗੁਰਲਾਲ ਘਨੌਰ ਦੀ ਜੋੜੀ ਨੇ ਸਾਊਥਾਲ ਦੇ ਜਾਫੀਆਂ ਤੋਂ ਪਿੰਡੇ 'ਤੇ ਹੱਥ ਨਹੀਂ ਧਰਾਇਆ ਪਰ ਕੇਸਰ ਧਾਲੀਵਾਲ ਦੀ ਦਾਦ ਦੇਣੀ ਬਣਦੀ ਹੈ ਜੋ 'ਕੱਲਾ ਹੀ ਆਪਣੇ ਖਿਡਾਰੀਆਂ ਨੂੰ ਥਾਪੀਆਂ ਦਿੰਦਾ ਫਿਰਦਾ ਸੀ। ਈਰਥ ਵੂਲਿਚ ਤੇ ਗ੍ਰੇਵਜੈਂਡ ਦੇ ਮੈਚ ਵਿੱਚੋਂ 36.5-36 ਦੇ ਫ਼ਰਕ ਨਾਲ ਗ੍ਰੇਵਜੈਂਡ ਜੇਤੂ ਰਹੀ ਪਰ ਰਾਏਸਰੀਏ ਰਾਜੇ ਦੀ ਖੇਡ ਚਰਚਾ ਦਾ ਵਿਸ਼ਾ ਬਣੀ। ਟੈਲਫੋਰਡ ਤੇ ਸਲੋਹ ਦੇ ਮੈਚ 'ਚ ਕਾਲੂ ਕਾਲਾ ਸੰਘਿਆਂ ਦੀਆਂ ਫੁਰਤੀਲੀਆਂ ਰੇਡਾਂ ਤੇ ਸੋਹਣ ਰੁੜਕੀ, ਗੋਗੋ ਰੁੜਕਾ ਤੇ ਸੰਦੀਪ ਨੰਗਲ ਅੰਬੀਆਂ ਦੀ ਖੇਡ ਬਾਕਮਾਲ ਰਹੀ ਜਿਸ ਸਦਕਾ ਸਲੋਹ 34.5-28 ਦੇ ਮੁਕਾਬਲੇ ਜੇਤੂ ਰਹੀ। ਖੇਡ ਮੇਲਾ ਪੂਰੇ ਜ਼ੋਬਨ 'ਤੇ ਸੀ ਪਰ ਸਾਡੇ ਪੰਜਾਬੀ ਸ਼ੇਰਾਂ ਦੀ ਆਪਸੀ ਪੁਰਾਣੀ ਖੁੰਦਕ ਉਸ ਵੇਲੇ 'ਜਲੇਬੀਆਂ 'ਚ ਗੰਢਾ' ਰੱਖਣ ਵਰਗਾ ਕੰਮ ਕਰ ਗਈ ਜਦੋਂ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖੇਡ ਮੈਦਾਨ ਅੰਦਰ ਹੀ ਬੈਠਣ ਲਈ ਵਰਤੀਆਂ ਜਾਣ ਵਾਲੀਆਂ ਕੁਰਸੀਆਂ ਇੱਕ ਦੂਜੇ ਦਾ ਸਿਰ ਪਾੜਨ ਲਈ ਵਰਤੀਆਂ ਜਾਣ ਲੱਗੀਆਂ। ਲਾਲਾ-ਲਾਲਾ ਹੋਗੀ.... ਅਖਾੜਾ ਹੱਲ ਗਿਆ....ਜਿਸ ਦੇ ਸਿੱਟੇ ਵਜੋਂ ਇੱਕ ਵੀਰ ਦੇ ਸਿਰ ਵਿੱਚ ਕਾਫੀ ਚੋਟ ਆਈ। ਬੇਸ਼ੱਕ ਸੁਰੱਖਿਆ ਕਰਮੀ ਖਲਬਲੀ ਮਚਾਉਣ ਵਾਲਿਆਂ ਨੂੰ ਫੜ੍ਹ ਕੇ ਬਾਹਰ ਲੈ ਗਏ ਪਰ ਬਾਦ ਵਿੱਚ ਮੈਦਾਨ ਦੇ ਬਾਹਰ ਵੀ ਪੰਜਾਬੀ ਸ਼ੇਰ ਇੱਕ ਦੂਜੇ ਨਾਲ ਜੂੰਡੋ-ਜੂੰਡੀ ਹੋਏ ਦੱਸੇ ਜਾਂਦੇ ਹਨ। ਅਸੀਂ ਆਪਣੇ ਸ਼ਹੀਦਾਂ ਦਾ ਕਿੰਨਾ ਸਤਿਕਾਰ ਕਰਦੇ ਹਾਂ?..... ਇਸਦਾ ਪਤਾ ਸਹਿਜੇ ਹੀ ਲੱਗ ਜਾਦਾ ਹੈ ਕਿਉਂਕਿ ਜਿਹਨਾਂ ਸ਼ਹੀਦਾਂ ਨੇ ਸਾਡੀ ਖਾਤਰ ਆਪਣੀ ਜ਼ਿੰਦਗੀ ਦੇ ਸੁਆਦ ਤਿਆਗ ਦਿੱਤੇ, ਅਸੀਂ ਸਿਰਫ ਇੱਕ ਦਿਨ ਲਈ ਹੀ ਆਪਣੀ ਜੀਭ ਦੇ ਸੁਆਦ ਨਹੀਂ ਤਿਆਗ ਸਕੇ। ਇਸ ਦਾ ਪ੍ਰਤੱਖ ਸਬੂਤ ਗੱਡੀਆਂ ਦੀਆਂ ਡਿੱਘੀਆਂ ਵਿੱਚ ਖੁੱਲ੍ਹੀਆਂ ਬੋਤਲਾਂ ਤੇ ਬੁੱਕਦੇ ਫਿਰਦੇ 'ਮੇਲੀਆਂ' ਤੋਂ ਲਿਆ ਜਾ ਸਕਦਾ ਸੀ। ਅੰਤ ਸੁੱਖ ਦੀ ਘੜੀ ਆਈ ਤੇ ਫਾਈਨਲ ਮੈਚ ਸ਼ੁਰੂ ਕਰਵਾਉਣ ਲਈ ਰੈਫਰੀਆਂ ਦੀਆਂ ਸੀਟੀਆਂ ਨੇ ਇਸ਼ਾਰਾ ਕੀਤਾ। ਟੈਲਫੋਰਡ+ਵੁਲਵ. ਤੇ ਵੁਲਵਰਹੈਂਪਟਨ (ਸ਼ਿੰਦੇ ਅਮਲੀ ਦੀ ਟੀਮ) ਦੀਆਂ ਟੀਮਾਂ ਆਹਮੋ ਸਾਹਮਣੇ ਹੋਈਆਂ। ਜਿਸ ਵਿੱਚੋਂ 28.5-17 ਦੇ ਅੰਤਰ ਨਾਲ ਟੈਲਫੋਰਡ+ਵੁਲਵ. ਸਿਰ ਜਿੱਤ ਦਾ ਤਾਜ਼ ਟਿਕਿਆ। ਪਰ ਫਾਈਨਲ ਮੈਚ ਵਿੱਚ ਸੱਟ ਲੱਗਣ ਕਾਰਨ ਹਰਵਿੰਦਰ ਰੱਬੋਂ ਗੈਰ ਹਾਜਰ ਰਿਹਾ। ਖੇਡ ਲੇਖਕ ਪਰਮਜੀਤ ਸਿੰਘ ਬਾਗੜੀਆ ਅਨੁਸਾਰ ਅਰੋਕ 13 ਧਾਵਿਆਂ ਕਰਕੇ ਗੁੱਗੂ ਹਿੰਮਤਪੁਰੀਏ ਨੂੰ ਬੈਸਟ ਧਾਵੀ ਤੇ ਪਾਲਾ ਡਡਵਿੰਡੀ ਨੂੰ ਬੈਸਟ ਜਾਫੀ ਦੇ ਸਨਮਾਨ ਨਾਲ ਨਿਵਾਜਿਆ ਗਿਆ। ਜੇਕਰ ਇਸ ਖੇਡ ਮੇਲੇ ਨੂੰ ਧਾਵੀਆਂ ਦਾ ਖੇਡ ਮੇਲਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਜਿਆਦਾਤਰ ਧਾਵੀ ਜਿਵੇਂ ਕਿ ਗੁਰਲਾਲ ਘਨੌਰ, ਸੁਖਮਨ ਚੋਹਲਾ ਸਾਹਿਬ, ਕਾਲੂ ਕਾਲਾ ਸੰਘਿਆਂ, ਪਿੰਕੂ ਖਹਿਰਾ, ਹੈਪੀ ਚਮਿਆਰਾ, ਕਿੰਦਾ, ਅਮਰਜੀਤ ਆਦਿ। ਮੇਲੇ ਦੌਰਾਨ ਬਰਮਿੰਘਮ ਦੇ ਉੱਘੇ ਵਪਾਰੀ ਅਜਾਇਬ ਸਿੰਘ ਗਰਚਾ, ਸਾਂਝੀ ਅਵਾਜ਼ ਰੇਡੀਓ ਵੱਲੋਂ ਗੁਲਸ਼ਨ ਢੀਂਗਰਾ, ਮਾਨ ਦਲ ਦੇ ਯੂਥ ਆਗੂ ਕੁਲਵੰਤ ਸਿੰਘ, ਸਰਬਜੀਤ ਸਿੰਘ, ਕੌਂਸਲਰ ਗੁਰਦਿਆਲ ਸਿੰਘ, ਲਹਿੰਬਰ ਸਿੰਘ ਲਿੱਧੜ, ਬਲਵਿੰਦਰ ਸਿੰਘ ਚੱਠਾ, ਕੁਲਵੰਤ ਸਿੰਘ ਚੱਠਾ, ਸ਼ਿੰਗਾਰਾ ਸਿੰਘ ਐੱਮ. ਏ. ਟੀ ਵੀ ਆਦਿ ਦੀ ਹਾਜ਼ਰੀ ਜ਼ਿਕਰਯੋਗ ਸੀ।

No comments:

Post a Comment