ਗੁਰਲਾਲ ਘਨੌਰ 'ਬੈਸਟ ਧਾਵੀ' ਤੇ ਪਾਲਾ ਡਡਵਿੰਡੀ 'ਬੈਸਟ ਜਾਫੀ' ਐਲਾਨੇ
ਲੰਡਨ- (ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ) ਇੰਗਲੈਂਡ ਕਬੱਡੀ ਕੱਪ ਲਈ ਅੱਠਵੇਂ ਖੇਡ ਮੇਲੇ ਦਾ ਆਯੋਜਨ ਗੁਰੂ ਨਾਨਕ ਦਰਬਾਰ ਗੁਰਦੁਆਰਾ ਈਰਥ ਅਤੇ ਈਰਥ ਵੂਲਿਚ ਕਬੱਡੀ ਕਲੱਬ ਦੇ ਸਹਿਯੋਗ ਨਾਲ ਕੀਤਾ ਗਿਆ। ਪ੍ਰਧਾਨ ਬਖਸ਼ੀਸ ਸਿੰਘ ਤੱਬੜ, ਸੁਰਜੀਤ ਸਿੰਘ ਢੀਂਡਸਾ, ਸੁਖਦੇਵ ਸਿੰਘ ਸਹੋਤਾ, ਪਿਆਰਾ ਸਿੰਘ ਅਟਵਾਲ, ਬਲਜਿੰਦਰ ਔਜ਼ਲਾ, ਅਜੀਤ ਸਿੰਘ ਪਲਾਹੀ, ਬਲਵੀਰ ਸਿੰਘ ਜੌਹਲ, ਨਿਰਮਲ ਸਿੰਘ ਧਾਲੀਵਾਲ, ਸੁੱਚਾ ਸਿੰਘ ਥਿੰਦ, ਲਹਿੰਬਰ ਸਿੰਘ ਕੰਗ, ਸੁਰਿੰਦਰ ਸਿੰਘ ਮਾਨਕ, ਹਰਮਿੰਦਰ ਸਿੰਘ ਗਿੱਲ, ਜਰਨੈਲ ਸਿੰਘ ਜੈਲਾ, ਬਲਵਿੰਦਰ ਸਿੰਘ ਉੱਪਲ, ਸੁਰਜੀਤ ਸਿੰਘ ਮਾਨਕ ਵਰਗਿਆਂ ਦੀ ਪ੍ਰਬੰਧਕੀ ਟੀਮ ਆਪਣੇ ਖੇਡ ਮੇਲੇ ਨੂੰ ਚੰਗੇ ਪ੍ਰਬੰਧਾਂ ਵਜੋਂ ਯਾਦਗਾਰੀ ਬਣਾਉਣ ਦੇ ਆਹਰ 'ਚ ਰੁੱਝੇ ਹੋਏ ਸਨ।
ਵਿਸ਼ਵ ਪ੍ਰਸਿੱਧ ਕੁਮੈਂਟੇਟਰ ਰਵਿੰਦਰ ਕੋਛੜ, ਸੋਖਾ ਤੇ ਭਿੰਦਾ ਵੀ ਮੁੱਠੀਆਂ 'ਚ ਥੁੱਕੀ ਬੈਠੇ ਸਨ ਕਿ ਕਦੋਂ ਵਾਰੀ ਆਵੇ ਤੇ ਕਦੋਂ ਦਰਸ਼ਕਾਂ ਨੂੰ ਨਵੇਂ ਤੋਂ ਨਵੇਂ ਸ਼ੇਅਰ ਅਤੇ ਖੇਡ ਜਗਤ ਦੇ ਰੌਚਕ ਕਿੱਸੇ ਸੁਣਾਏ ਜਾਣ। ਰੈਫਰੀ ਦੀ ਸੀਟੀ ਨੇ ਸਭ ਦਾ ਧਿਆਨ ਖਿੱਚਿਆ ਤੇ ਪਹਿਲਾ ਮੈਚ ਗੁਆਂਢੀ ਟੀਮਾਂ ਹੇਜ਼ ਅਤੇ ਸਲੋਹ ਦਰਮਿਆਨ ਹੋਇਆ। ਪਿਛਲੀ ਵਾਰ ਦਾ ਕੱਪ ਜਿੱਤ ਕੇ ਸਲੋਹ ਦੀ ਟੀਮ ਬੇਸ਼ੱਕ ਹੌਸਲੇ 'ਚ ਸੀ ਪਰ ਹੇਜ਼ ਦੇ ਜੀਤ ਤੂਤ ਪਿੰਡ, ਜਗਦੀਪ ਢੀਮਾਂਵਾਲੀ, ਬਗੀਚਾ ਇੰਦਗੜ੍ਹ, ਬਾਜਾ ਮੱਲਣ ਵਰਗੇ ਉੱਡਣੇ ਸੱਪਾਂ ਅੱਗੇ ਸਲੋਹ ਦਾ ਸੁਪਨਾ ਚਕਨਾਚੂਰ ਹੋ ਗਿਆ। ਸਾਊਥਾਲ ਦੀ ਟੀਮ ਦੇ ਪ੍ਰਦਰਸ਼ਨ 'ਚ ਨਿਰੰਤਰ ਹੋ ਰਹੇ ਸੁਧਾਰ ਬਾਰੇ ਦਰਸ਼ਕਾਂ 'ਚ ਚਰਚਾ ਛਿੜੀ ਹੋਈ ਸੀ। ਜਿਸ 'ਤੇ ਮੋਹਰ ਲਾਉਂਦਿਆਂ ਪਿੰਕੂ ਖਹਿਰਾ, ਹੈਪੀ ਮੁੰਡੀਆਂ, ਅਮਨ ਕਕਰਾਲਾ, ਗਿੰਦਾ ਹੁਸ਼ਿਆਰਪੁਰੀਆ, ਕਾਕਾ ਘਣੀਵਾਲ ਨੇ ਕਵੈਂਟਰੀ ਨੂੰ 38.5-36 ਦੇ ਫ਼ਰਕ ਨਾਲ ਦਰੜਿਆ।
ਬਾਰਕਿੰਗ ਤੇ ਬਰਮਿੰਘਮ ਦੇ ਮੁਕਾਬਲੇ 'ਚੋਂ 37.5-33 ਦੇ ਫ਼ਰਕ ਨਾਲ ਬਾਰਕਿੰਗ ਨੇ ਬਾਜ਼ੀ ਮਾਰੀ। ਈਰਥ ਤੇ ਲੈਸਟਰ ਦੇ ਮੈਚ 'ਚੋਂ ਮੇਜ਼ਬਾਨ ਟੀਮ ਈਰਥ ਦੇ ਖਿਡਾਰੀਆਂ ਨੇ ਮੈਚ ਨੂੰ ਇੱਕਪਾਸੜ ਜਿਹਾ ਬਣਾ ਕੇ ਸੁਰਿੰਦਰ ਮਾਣਕ ਦਾ ਮਾਨ ਰੱਖਿਆ। ਟਿਲਫੋਰਡ+ਵੁਲਵ. ਤੇ ਡਰਬੀ ਦੇ ਮੁਕਾਬਲੇ ਦੌਰਾਨ ਦੋ ਖੇਡ ਮੇਲਿਆ ਤੋਂ ਬਾਦ ਸਿੰਘ ਸਰਦਾਰ ਖਿਡਾਰੀ ਹਰਵਿੰਦਰ ਰੱਬੋਂ ਦਰਸ਼ਕਾਂ ਦੇ ਰੂਬਰੂ ਹੋਇਆ। ਪਰ ਰੱਬੋਂ ਦੇ ਆਪਣਾ ਜੂੜਾ (ਕੇਸ) ਕਟਵਾ ਲੈਣ ਕਾਰਨ ਹਰ ਕਿਸੇ ਦੀ ਜ਼ੁਬਾਨ 'ਤੇ ਇਹੀ ਚਰਚਾ ਸੀ ਕਿ "ਯਾਰ ਚੰਗਾ ਨਹੀਂ ਕੀਤਾ ਰੱਬੋਂ ਨੇ, ਕਮਲੇ ਦੀ ਜੂੜੇ ਨਾਲ ਸ਼ਾਨ ਸੀ।" ਚਲੋ ਜੋ ਵੀ ਹੋਵੇ ਪਰ ਜਿੱਤ ਟਿਲਫੋਰਡ+ਵੁਲਵ. ਦੀ ਝੋਲੀ ਪਈ।
ਮਿੱਡਵੇ ਨੇ ਟਿਲਫੋਰਡ ਨੂੰ 39.5-31 ਦੇ ਅੰਤਰ ਨਾਲ ਹਰਾਇਆ। ਦੂਜੇ ਗੇੜ ਦਾ ਪਹਿਲਾ ਮੈਚ ਵੁਲਵਰਹੈਂਪਟਨ ਤੇ ਹੇਜ਼ ਦਰਮਿਆਨ ਹੋਇਆ ਜਿਸ ਵਿੱਚ ਜਿੱਥੇ ਸੁਖਮਨ ਤੇ ਸੱਬੇ ਦੀਆਂ ਰੇਡਾਂ ਦੀ ਚਰਚਾ ਹੋਈ ਉੱਥੇ ਪ੍ਰਗਟ ਹਿੰਮਤਪੁਰੀਏ, ਬਲਕਾਰੇ ਸ਼ਿਕਾਰ ਮਾਛੀਆਂ, ਮਹਾਜੂ ਔਲਖ ਦੇ ਜੱਫਿਆਂ ਨੇ ਵੀ ਦਰਸ਼ਕਾਂ ਨੂੰ ਚੰਗਾ ਸਰੂਰ ਚਾੜ੍ਹਿਆ। ਗ੍ਰੇਵਜੈਂਡ ਨੇ ਮੇਜ਼ਬਾਨ ਟੀਮ ਈਰਥ ਨੂੰ 38-28.5 ਦੇ ਫ਼ਰਕ ਨਾਲ ਵੈਨਾਂ ਵੱਲ ਨੂੰ ਤੋਰਿਆ। ਟਿਲਫੋਰਡ+ਵੁਲਵ. ਨੇ ਬਾਰਕਿੰਗ ਨੂੰ ਚਿੱਤ ਕੀਤਾ ਤੇ ਸਾਊਥਾਲ ਨੇ ਮਿੱਡਵੇ ਨੂੰ। ਸੈਮੀਫਾਈਨਲ ਦੇ ਪਹਿਲੇ ਮੈਚ ਦੌਰਾਨ ਟਿਲਫੋਰਡ+ਵੁਲਵ. ਤੇ ਵੁਲਵਰਹੈਂਪਟਨ ਮੇਹਣੋ ਮੇਹਣੀ ਹੋਏ। ਇੱਕੋ ਪਿੰਡ ਦੇ ਪਰ ਵਿਰੋਧੀ ਪਾਲਿਆਂ 'ਚ ਖੜ੍ਹੇ ਪ੍ਰਗਟ ਹਿੰਮਤਪੁਰੀਏ ਤੇ ਗੁੱਗੂ ਹਿੰਮਤਪੁਰੀਏ ਦੀਆਂ ਝੜ੍ਹਪਾਂ ਦੇਖਣ ਲਈ ਦਰਸ਼ਕ ਉਤਾਵਲੇ ਸਨ ਪਰ ਗੁੱਗੂ ਨੇ ਬਿਨਾਂ ਕਿਸੇ ਜੱਫੇ ਦੇ ਲਗਾਤਾਰ ਰੇਡਾਂ ਪਾ ਕੇ ਆਪਣੀ ਕੀਤੀ ਮਿਹਨਤ ਦਾ ਸਬੂਤ ਦਿੱਤਾ।
ਗ੍ਰੇਵਜੈਂਡ ਤੇ ਸਾਊਥਾਲ ਦੇ ਮੁਕਾਬਲੇ 'ਚ ਹਰ ਕੋਈ ਇਹੀ ਲੱਖਣ ਲਾਈ ਬੈਠਾ ਸੀ ਕਿ ਐਤਕੀਂ ਸਾਊਥਾਲ ਜਰੂਰ ਫਾਈਨਲ 'ਚ ਪਹੁੰਚੂ ਪਰ ਭਿੰਦੇ ਮੁਠੱਡੇ ਦੀ ਦਮਦਾਰ ਕੁਮੈਂਟਰੀ ਨੇ ਗ੍ਰੇਵਜੈਂਡੀਆਂ 'ਚ ਐਸੀ ਰੂਹ ਫੂਕੀ ਕਿ ਮੁਕਾਬਲਾ 55-43.5 ਦੇ ਅੰਤਰ ਨਾਲ ਗ੍ਰੇਵਜੈਂਡ ਦੇ ਪੱਖ 'ਚ ਹੋਇਆ। ਅੰਤ ਫਾਈਨਲ 'ਚ ਗ੍ਰੇਵਜੈਂਡ ਤੇ ਟਿਲਫੋਰਡ+ਵੁਲਵ. ਦੇ ਫਸਵੇਂ ਮੈਚ 'ਚੋਂ ਈਰਥ ਵੂਲਿਚ ਦਾ ਕਬੱਡੀ ਕੱਪ ਗ੍ਰੇਵਜੈਂਡ ਦੀ ਝੋਲੀ ਪਿਆ ਤੇ ਪਿਛਲੇ ਖੇਡ ਮੇਲਿਆਂ 'ਚੋਂ ਚਾਰ ਵਾਰ ਕੱਪ ਜੇਤੂ ਟੀਮ ਟਿਲਫੋਰਡ+ਵੁਲਵ. ਨੂੰ ਉਪ ਜੇਤੂ ਦੇ ਕੱਪ ਨਾਲ ਹੀ ਸਬਰ ਕਰਨਾ ਪਿਆ। ਪਰ ਟਿਲਫੋਰਡ+ਵੁਲਵ. ਦੇ ਪ੍ਰਬੰਧਕਾਂ ਲਈ ਇਹ ਮਾਣ ਵਾਲੀ ਗੱਲ ਸੀ ਕਿ ਇੰਗਲੈਂਡ ਕਬੱਡੀ ਕੱਪਾਂ ਦਾ ਲੇਖਾ ਜੋਖਾ ਰੱਖਣ ਲਈ ਵਿਸ਼ੇਸ਼ ਤੌਰ 'ਤੇ ਆਏ ਖੇਡ ਲੇਖਕ ਪਰਮਜੀਤ ਸਿੰਘ ਬਾਗੜੀਆ ਦੇ ਅੰਕੜਿਆਂ ਦੇ ਆਧਾਰ 'ਤੇ ਉਹਨਾਂ ਦੀ ਹੀ ਟੀਮ ਦਾ ਗੁਰਲਾਲ ਘਨੌਰ 'ਬੈਸਟ ਧਾਵੀ' ਤੇ ਪਾਲਾ ਡਡਵਿੰਡੀ 'ਬੈਸਟ ਜਾਫੀ' ਐਲਾਨੇ ਗਏ।
No comments:
Post a Comment