'ਗੱਲਾ ਬਹੂਆ' ਬੈਸਟ ਧਾਵੀ ਤੇ 'ਸੰਦੀਪ ਨੰਗਲ ਅੰਬੀਆਂ' ਬੈਸਟ ਜਾਫੀ ਐਲਾਨੇ।
ਲੰਡਨ -(ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ) ਪੰਜਾਬ ਯੂਨਾਈਟਿਡ ਸਪੋਰਟਸ ਕਲੱਬ ਅਤੇ ਸਿੱਖ ਟੈਂਪਲ ਕਬੱਡੀ ਕਲੱਬ ਵੁਲਵਰਹੈਂਪਟਨ ਵੱਲੋਂ ਇੰਗਲੈਂਡ ਕਬੱਡੀ ਕੱਪਾਂ ਦੀ ਲੜੀ ਤਹਿਤ ਹੋਏ ਖੇਡ ਮੇਲੇ ਨੂੰ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਸਾਊਥਾਲ ਖੇਡ ਮੇਲੇ ਦਾ ਕੱਪ ਜਿੱਤਕੇ ਬਹਾਦਰ ਸ਼ੇਰਗਿੱਲ, ਮਹਿੰਦਰ ਸਿੰਘ ਮੌੜ, ਮੇਜਰ ਗਾਖਲ, ਸੁਖਜਿੰਦਰ ਬੈਂਸ, ਬਿੰਦਰ ਮਾਹਲ, ਮੋਹਣ ਸਿੰਘ ਮੋਹਣਾ, ਰਘਬੀਰ ਬੈਂਸ, ਗੈਰੀ ਹੀਰ, ਸੀਰਾ ਔਲਖ ਵਰਗੇ ਹੁਣ ਆਪਣੇ ਘਰ ਦਾ ਕੱਪ ਵੀ ਘਰ 'ਚ ਹੀ ਰੱਖਣ ਲਈ ਆਸਵੰਦ ਸਨ। ਖੇਡ ਮੇਲੇ ਦੌਰਾਨ ਕੀਤੇ ਪੁਖਤਾ ਪ੍ਰਬੰਧ ਮੂੰਹੋਂ ਬੋਲਦੇ ਸਨ। ਖੇਡ ਮੇਲੇ ਦਾ ਪਹਿਲਾ ਮੈਚ ਕਵੈਂਟਰੀ ਤੇ ਟਿਲਫੋਰਡ ਦੀਆਂ ਟੀਮਾਂ ਦਰਮਿਆਨ ਹੋਇਆ। ਜਿਸ ਵਿੱਚ ਕਵੈਂਟਰੀ ਦੇ ਚੋਬਰ 42.5-32 ਦੇ ਵੱਡੇ ਫ਼ਰਕ ਨਾਲ ਜੇਤੂ ਰਹੇ। ਹੇਜ਼ ਤੇ ਟਿਲਫੋਰਡ+ਵੁਲਵ. ਦੇ ਮੁਕਾਬਲੇ 'ਚ ਜੀਤ ਤੂਤ, ਧਨਵੰਤ ਸਾਫੂਵਾਲੀਆ, ਬਾਜਾ ਮੱਲਣ ਵਰਗਿਆਂ ਦੀ ਪੇਸ਼ ਨਾ ਚੱਲੀ ਤੇ 38.5-32 ਦੇ ਮੁਕਾਬਲੇ ਨਾਲ ਜਿੱਤ ਟਿਲਫੋਰਡ+ਵੁਲਵ. ਦੀ ਝੋਲੀ ਪਈ। ਵੁਲਵਰਹੈਂਪਟਨ ਅਤੇ ਬਾਰਕਿੰਗ ਦਾ ਮੁਕਾਬਲਾ ਸਾਹ ਰੋਕ ਕੇ ਦੇਖਣ ਵਾਲਾ ਸੀ। ਜੇ ਇਸ ਮੁਕਾਬਲੇ ਨੂੰ ਪੂਰੇ ਖੇਡ ਮੇਲੇ ਦਾ ਸਭ ਤੋਂ ਵਧੇਰੇ ਰੌਚਕ ਮੈਚ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਬਲਕਾਰਾ ਸ਼ਿਕਾਰ ਮਾਛੀਆਂ ਤੇ ਹਿੰਮਤਪੁਰੀਏ ਪਰਗਟ ਦੇ ਜੱਫੇ ਤੇ ਸੁਖਮਨ, ਸੱਬੇ ਦੇ ਅਨਮੋਲ ਧਾਵੇ ਵੀ ਜਿੱਤ ਨਾ ਦਰਜ ਕਰਵਾ ਸਕੇ ਤੇ ਅੱਧੇ ਅੰਕ ਦੇ ਫ਼ਰਕ ਨਾਲ ਮੈਚ ਬਾਰਕਿੰਗ ਦੇ ਪੱਖ 'ਚ ਗਿਆ। ਸਾਊਥਾਲ ਤੇ ਲੈਸਟਰ ਦੇ ਮੁਕਾਬਲੇ 'ਚ ਪਿੰਕੂ ਖਹਿਰਾ, ਹੈਪੀ ਮੁੰਡੀਆਂ, ਕਾਕਾ ਘਣੀਵਾਲ, ਸੀਤਾ ਸੁਰਖਪੁਰ ਦੀ ਖੇਡ ਨੇ ਤਾੜੀਆਂ ਬਟੋਰੀਆਂ ਤੇ 42.5-30 ਦੇ ਫ਼ਰਕ ਨਾਲ ਸਾਊਥਾਲ ਦੀ ਟੀਮ ਅੱਗੇ ਵਧੀ। ਡਰਬੀ ਤੇ ਈਰਥ+ਵੂਲਿਚ ਦੇ ਸਾਨ੍ਹਾਂ ਦੇ ਭੇੜ ਵਰਗੇ ਮੈਚ ਵਿੱਚ ਈਰਥ ਦੇ ਖਿਡਾਰੀਆਂ ਨੇ ਬਾਜੀ ਹੀ ਪਲਟ ਕੇ ਰੱਖ ਦਿੱਤੀ ਤੇ 41-25.5 ਦੇ ਵੱਡੇ ਪਾੜੇ ਨਾਲ ਈਰਥ ਬਾਜ਼ੀ ਮਾਰ ਗਈ। ਸਲੋਹ ਤੇ ਬਰਮਿੰਘਮ ਦਾ ਮੈਚ ਵੀ ਲੋਕੀਂ ਲੰਮੇ ਸਮੇਂ ਤੱਕ ਯਾਦ ਰੱਖਣਗੇ ਕਿਉਂਕਿ ਕਾਲੂ ਕਾਲਾ ਸੰਘਿਆਂ, ਸੁੱਚਾ ਧਰਮੀਵਾਲ, ਸੰਦੀਪ ਨੰਗਲ ਅੰਬੀਆਂ, ਸੋਹਣ ਰੁੜਕੀ ਆਦਿ 39-38.5 ਦੇ ਬਹੁਤ ਹੀ ਥੋੜ੍ਹੇ ਫ਼ਰਕ ਨਾਲ ਬਰਮਿੰਘਮ ਵਾਲਿਆਂ ਨੂੰ ਵਾਪਸ ਚਾਲੇ ਪਾਉਣ ਲਈ ਮਜ਼ਬੂਰ ਕੀਤਾ। ਦੂਜੇ ਗੇੜ ਦੇ ਮੈਚਾਂ 'ਚ ਸਾਊਥਾਲ ਦੇ ਖਿਡਾਰੀਆਂ ਦੇ ਸਿੰਗ ਮਿੱਡਵੇ ਵਾਲਿਆਂ ਨਾਲ ਭਿੜੇ ਪਰ ਕਾਕਾ ਘਣੀਵਾਲ, ਪਿੰਕੂ ਖਹਿਰਾ ਵਰਗਿਆਂ ਨੇ 38.5-31 ਦੇ ਮੁਕਾਬਲੇ ਨਾਲ ਮਿੱਡਵੇ ਨੂੰ ਚਿੱਤ ਕੀਤਾ। ਈਰਥ+ਵੂਲਿਚ ਤੇ ਬਾਰਕਿੰਗ ਦੇ ਮੁਕਾਬਲੇ 'ਚੋਂ 37.5-39 ਦੇ ਅੰਤਰ ਨਾਲ ਈਰਥ ਫਿਰ ਕਾਮਯਾਬ ਰਹੀ। ਟਿਲਫੋਰਡ+ਵੁਲਵ. ਅਤੇ ਸਲੋਹ ਦੇ ਮੈਚ 'ਚ ਜੱਸਾ ਸਿੱਧਵਾਂ ਨੂੰ ਇੱਕ, ਗੁਰਲਾਲ ਘਨੌਰ ਤੇ ਗੁੱਗੂ ਹਿੰਮਤਪੁਰਾ ਨੂੰ ਲੱਗੇ ਦੋ ਦੋ ਜੱਫਿਆਂ ਉਪਰੰਤ ਸਲੋਹ ਦਾ ਪੱਲੜਾ ਭਾਰੀ ਹੋ ਗਿਆ ਤੇ ਸਲੋਹ ਸਿਰ ਜੇਤੂ ਤਾਜ ਸਜਿਆ। ਈਰਥ+ਵੂਲਿਚ ਤੇ ਕਵੈਂਟਰੀ ਦੇ ਮੈਚ 'ਚੋਂ ਕਵੈਂਟਰੀ ਫਿਰ ਜਿੱਤ ਦਰਜ ਕਰ ਕੇ ਫਾਈਨਲ 'ਚ ਪ੍ਰਵੇਸ਼ ਪਾ ਗਈ। ਫਿਰ ਸੋਲ੍ਹਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸ਼ੋਅ ਮੈਚ ਤੋਂ ਬਾਦ ਫਾਈਨਲ ਮੁਕਾਬਲਾ ਸਲੋਹ ਤੇ ਕਵੈਂਟਰੀ ਦੀਆਂ ਸੈਨਾਵਾਂ ਦਰਮਿਆਨ ਹੋਇਆ। ਕੰਮਾ ਸੁਰਖਪੁਰ, ਗੱਲਾ ਬਹੂਆ, ਸ਼ੇਰੂ ਪੰਡੋਰੀ, ਮਨਿੰਦਰ ਸਰਾਂ ਵਰਗਿਆਂ ਨੇ ਵੀ ਧੱਕੜ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਲੋਹ ਵਾਲਿਆਂ ਨੂੰ ਵਖਤ ਪਾਈ ਰੱਖਿਆ ਪਰ ਕਾਲੂ ਕਾਲਾ ਸੰਘਿਆ, ਸੁੱਚਾ ਧਰਮੀਵਾਲ ਨੇ ਵੀ ਜ਼ੋਰ ਲਾਉਣ ਵਾਲੀ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਸੰਦੀਪ ਨੰਗਲ ਅੰਬੀਆਂ, ਸੋਹਣ ਰੁੜਕੀ ਵਰਗੇ ਵੀ ਕਚੀਚੀਆਂ ਲੈ ਲੈ ਚਿੰਬੜ ਰਹੇ ਸਨ। ਅੰਤ ਅਮਲਾਂ ਦੇ ਨਿਬੇੜੇ ਹੋਏ ਤੇ 50-47.5 ਦੇ ਫ਼ਰਕ ਨਾਲ ਸਲੋਹ ਦੀ ਟੀਮ ਨੂੰ ਵੁਲਵਰਹੈਂਪਟਨ ਕਬੱਡੀ ਕੱਪ ਦੀ ਹੱਕਦਾਰ ਹੋਣ ਦਾ ਐਲਾਨ ਕੀਤਾ ਤੇ ਕਵੈਂਟਰੀ ਨੂੰ ਉਪ-ਜੇਤੂ। ਖੇਡ ਮੇਲੇ ਦੌਰਾਨ ਕਬੱਡੀ ਖੇਡ ਨੂੰ ਪ੍ਰਫੁੱਲਤ ਕਰਨ ਬਦਲੇ ਵਧੀਆ ਸੇਵਾਵਾਂ ਪ੍ਰਦਾਨ ਕਰਨ ਹਿਤ ਮਹਿੰਦਰ ਸਿੰਘ ਮੌੜ ਅਤੇ ਬਹਾਦਰ ਸਿੰਘ ਸ਼ੇਰਗਿੱਲ ਨੂੰ ਸੋਨੇ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਇੰਗਲੈਂਡ ਕਬੱਡੀ ਫੇਡਰੇਸ਼ਨ ਵੱਲੋਂ ਕਬੱਡੀ ਮੈਚਾਂ ਦਾ ਲੇਖਾ ਜੋਖਾ ਕਰਨ ਲਈ ਪੰਜਾਬ ਤੋਂ ਵਿਸ਼ੇਸ਼ ਸੱਦੇ 'ਤੇ ਆਏ ਵਿਸ਼ਵ ਪ੍ਰਸਿੱਧ ਖੇਡ ਲੇਖਕ ਪਰਮਜੀਤ ਸਿੰਘ ਬਾਗੜੀਆ ਦੇ ਅੰਕੜਿਆਂ ਦੇ ਆਧਾਰ 'ਤੇ ਗੱਲਾ ਬਹੂਆ ਨੂੰ ਸਰਵਉੱਤਮ ਧਾਵੀ ਅਤੇ ਸੰਦੀਪ ਨੰਗਲ ਅੰਬੀਆਂ ਨੂੰ ਸਰਵਉੱਤਮ ਜਾਫੀ ਦੇ ਖਿਤਾਬਾਂ ਨਾਲ ਸਨਮਾਨਿਆ ਗਿਆ। ਕੁਮੈਂਟੇਟਰ ਰਵਿੰਦਰ ਕੋਛੜ, ਸੋਖਾ ਡੇਸੀ ਤੇ ਭਿੰਦਾ ਮੁਠੱਡਾ ਦੀਆਂ ਗੱਲਾਂ ਦਾ ਸੁਆਦ ਦਰਸ਼ਕ ਗੁੜ ਵਾਲੀ ਚਾਹ ਵਾਂਗ ਮਾਣਦੇ ਰਹੇ।
No comments:
Post a Comment