ਇੰਗਲੈਂਡ ਕਬੱਡੀ ਕੱਪ 2010- (6)

ਮਰਹੂਮ ਸ਼ਿੰਦੇ ਅਮਲੀ ਦੀ ਟੀਮ ਨੇ ਕੱਪ ਜਿੱਤਿਆ
ਲੰਡਨ-(ਮਨਦੀਪ ਖੁਰਮੀ ਹਿੰਮਤਪੁਰਾ,ਜਗਸੀਰ ਧਾਲੀਵਾਲ ਨੰਗਲ) ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਵਲਾਇਤ ਵਿੱਚ ਪ੍ਰਫੁੱਲਤ ਕਰਨ ਦੇ ਮਨਸ਼ੇ ਨਾਲ ਹੋ ਰਹੇ ਇੰਗਲੈਂਡ ਕਬੱਡੀ ਕੱਪਾਂ ਦੀ ਲੜੀ ਤਹਿਤ ਛੇਵੇਂ ਖੇਡ ਮੇਲੇ ਦਾ ਆਯੋਜਨ ਸਿੰਘ ਸਭਾ ਸਪੋਰਟਸ ਕਲੱਬ ਸਾਊਥਾਲ (ਰਜਿ:) ਦੇ ਉੱਦਮਾਂ ਨਾਲ ਕਲੱਬ ਆਗੂ ਬਿੱਲੂ ਖਹਿਰਾ, ਕੰਮਾ ਔਜਲਾ, ਪ੍ਰਭਜੋਤ ਬਿੱਟੂ ਮੋਹੀ, ਮੋਨਾ ਗਿੱਲ, ਬਲਬੀਰ ਰਣੀਆਂ, ਕੇਵਲ ਰਣਦੇਵਾ, ਇੰਦਰਜੀਤ ਬੱਲ, ਬਲਜੀਤ ਮੱਲ੍ਹੀ, ਪਾਲੀ ਢਿੱਲੋਂ, ਰਣਜੀਤ ਢੰਡਾ, ਰਣਜੀਤ ਸੈਂਹਭੀ, ਕੇਸਰ ਧਾਲੀਵਾਲ, ਗਾਇਕ ਬਲਦੇਵ ਬੁੱਲਟ ਆਦਿ ਦੀ ਯੋਗ ਅਗਵਾਈ ਵਿੱਚ ਕਰੈਨਫੋਰਡ ਦੇ ਖੇਡ ਮੈਦਾਨਾਂ ਵਿੱਚ ਕੀਤਾ ਗਿਆ। ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਪ੍ਰਧਾਨਗੀ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਸਾਊਥਾਲ ਈਲਿੰਗ ਦੇ ਐੱਮ.ਪੀ. ਸ੍ਰੀ ਵਰਿੰਦਰ ਸ਼ਰਮਾ, ਗੁਰਦੁਆਰਾ ਸਿੰਘ ਸਭਾ ਸਾਊਥਾਲ ਕਮੇਟੀ ਦੇ ਗਰੁੱਪ ਆਗੂ ਗੁਰਮੇਲ ਸਿੰਘ ਮੱਲ੍ਹੀ, ਹਰਜੀਤ ਸਿੰਘ, ਗੁਰ: ਸਿੰਘ ਸਭਾ ਸਾਊਥਾਲ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕਬੱਡੀ ਖਿਡਾਰੀ ਹਿੰਮਤ ਸਿੰਘ ਸੋਹੀ, ਬਿੱਲੂ ਖਹਿਰਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਅਸੀਂ ਆਪਣੀ ਜਨਮ-ਭੂਮੀ ਛੱਡ ਕੇ ਵਿਦੇਸ਼ਾਂ ਵਿੱਚ ਆਣ ਵਸੇ ਹਾਂ ਤਾਂ ਸਾਡਾ ਸਭ ਤੋਂ ਪਹਿਲਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਸੀ ਭਾਈਚਾਰਾ ਵੀ ਕਾਇਮ ਰੱਖੀਏ, ਤਦ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਸਿਰ ਉੱਚਾ ਹੋਵੇਗਾ। ਖੇਡ ਮੇਲੇ ਦੇ ਪਹਿਲੇ ਮੁਕਾਬਲੇ ਲਈ ਲੈਸਟਰ ਤੇ ਮਿੱਡਵੇ ਦੀਆਂ ਟੀਮਾਂ ਦੇ ਸਿੰਗ ਭਿੜੇ ਜਿਸ ਵਿੱਚੋਂ ਮਿੱਡਵੇ 36-30.5 ਦੇ ਫ਼ਰਕ ਨਾਲ ਜੇਤੂ ਰਹੀ। ਟੈਲਫੋਰਡ ਤੇ ਸਲੋਹ ਦੇ ਫਸਵੇਂ ਮੈਚ 'ਚ ਧਾਵੀ ਮਹਿੰਦੀ, ਪਾਲੀ ਪਲਗੋਟਾ ਦੀ ਖੇਡ ਦੀ ਤਾਰੀਫ ਕਰਨੀ ਬਣਦੀ ਸੀ ਪਰ ਕੋਸ਼ਿਸਾਂ ਦੇ ਬਾਵਜੂਦ ਵੀ ਸਲੋਹ ਬਾਜ਼ੀ ਮਾਰ ਗਈ। ਹੇਜ਼ ਤੇ ਕਵੈਂਟਰੀ ਦੀ ਟੱਕਰ 'ਚੋਂ ਕੰਮਾ ਸੁਰਖਪੁਰ, ਗੱਲਾ ਬਹੂਆ, ਸ਼ੇਰੂ ਪੰਡੋਰੀ, ਮਨਿੰਦਰ ਸਰਾਂ ਵਰਗਿਆਂ ਦਾ ਮੁੜ੍ਹਕਾ ਵੀ ਅਜਾਈਂ ਗਿਆ ਤੇ ਹੇਜ਼ ਅੱਗੇ ਵਧਣ 'ਚ ਕਾਮਯਾਬ ਹੋਈ। ਬਾਰਕਿੰਗ ਤੇ ਵੁਲਵਰਹੈਂਪਟਨ ਦੇ ਮੁਕਾਬਲੇ ਵਿੱਚ ਮੱਲ ਗੁਰਦਾਸਪੁਰ, ਗੋਗੀ ਜਰਗੜੀ, ਨਿਰਵੈਰ ਘੋਨੀ, ਸ਼ਰਮਾ, ਕਰਮੀ ਤੇ ਕਾਲੂ ਮਹੇੜੂ ਵਰਗਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਜਿੱਤ ਨੂੰ ਹੱਥ ਨਾ ਪੁਆ ਸਕਿਆ। ਈਰਥ ਵੁਲਿਚ ਤੇ ਗ੍ਰੇਵਜੈਂਡ ਦੇ ਮੁਕਾਬਲੇ 'ਚ ਬੱਬੂ ਲਸਾੜਾ, ਸੰਦੀਪ ਦਿੜ੍ਹਬਾ, ਅਮਨ ਜੌਹਲ, ਮਨੀ, ਹੈਪੀ ਬਿੱਲੀ ਭੁੱਲਰ ਵਰਗਿਆਂ ਦੇ ਮੁਕਾਬਲੇ ਈਰਥ ਦੇ ਖਿਡਾਰੀਆਂ ਕਿੰਦਾ, ਅਮਰਜੀਤ ਦੇ ਧਾਵਿਆਂ ਤੇ ਮਰਹੂਮ ਲੋਕ ਕਵੀ ਸੰਤ ਰਾਮ ਉਦਾਸੀ ਦੇ ਪਿੰਡ ਦੇ ਖਿਡਾਰੀ ਰਾਜਾ ਰਾਏਸਰ ਦੀ ਫੁਰਤੀਲੀ ਖੇਡ ਦੀ ਚਰਚਾ ਰਹੀ। ਦੂਜੇ ਗੇੜ ਦੇ ਪਹਿਲੇ ਮੁਕਾਬਲੇ 'ਚ ਹੇਜ਼ ਤੇ ਬਰਮਿੰਘਮ ਦੇ ਰੌਚਕ ਮੁਬਾਬਲੇ 'ਚੋਂ ਹੇਜ਼ ਨੇ 37- 33.5 ਦੇ ਫ਼ਰਕ ਨਾਲ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਤੇ ਦੂਜੇ ਪਾਸੇ ਵੁਲਵਰਹੈਂਪਟਨ ਨੇ ਡਰਬੀ ਦੀ ਟੀਮ ਨੂੰ ਚਿੱਤ ਕਰ ਕੇ ਜੇਤੂ ਰਥ ਅੱਗੇ ਤੋਰਿਆ। ਮਿੱਡਵੇ ਨੇ ਈਰਥ ਵੁਲਿਚ ਨੂੰ 34.5- 21 ਦੇ ਫ਼ਰਕ ਨਾਲ ਮਾਤ ਦਿੱਤੀ। ਮੇਜ਼ਬਾਨ ਟੀਮ ਸਾਊਥਾਲ ਦੇ ਧਾਵੀਆਂ ਅਮਨ ਕਕਰਾਲਾ, ਪਿੰਕੂ ਖਹਿਰਾ, ਹੈਪੀ ਦੀ ਸਲੋਹ ਦੇ ਜਾਫੀਆਂ ਸੰਦੀਪ ਨੰਗਲ ਅੰਬੀਆਂ, ਸੋਹਣ ਰੁੜਕੀ, ਰਮਨ ਰੁੜਕਾ ਅੱਗੇ ਪੇਸ਼ ਨਾ ਗਈ। ਸੰਦੀਪ ਦੇ 10 ਅਤੇ ਸੋਹਣ ਦੇ 4 ਜੱਫਿਆਂ ਨੇ ਬਾਜੀ ਪਲਟ ਕੇ ਰੱਖ ਦਿੱਤੀ। ਕਾਕਾ ਘਣੀਵਾਲ, ਗਿੰਦਾ ਗੁਰਦਾਸਪੁਰ ਤੇ ਸੀਤਾ ਸੁਰਖਪੁਰ ਨੇ ਵੀ ਸੁੱਚੇ ਧਰਮੀਵਾਲ ਤੇ ਕਾਲੂ ਕਾਲਾ ਸੰਘਿਆਂ ਵਾਲੇ ਦੀ ਚੰਗੀ ਤਸੱਲੀ ਕਰਵਾਈ।
ਭਾਵੇਂ ਸਾਊਥਾਲ ਦੇ ਖਿਡਾਰੀ ਪੌਂਡ ਕਾਫੀ ਇਕੱਠੇ ਕਰ ਗਏ ਪਰ ਸਲੋਹ ਨੂੰ ਬਾਜੀ ਹਾਰ ਗਏ। ਹੇਜ਼ ਤੇ ਮਿੱਡਵੇ ਦੇ ਸੈਮੀਫਾਈਨਲ ਮੈਚ 'ਚੋਂ ਹੇਜ਼ ਫਾਈਨਲ 'ਚ ਪਹੁੰਚੀ ਤੇ ਓਧਰ ਵੁਲਵਰਹੈਂਪਟਨ ਨੇ ਸਲੋਹ ਦੇ ਦੰਦ ਖੱਟੇ ਕੀਤੇ। ਫਾਈਨਲ ਮੈਚ ਤੋਂ ਪਹਿਲਾਂ ਇੰਗਲੈਂਡ ਵਿੱਚ ਕਬੱਡੀ ਦੀਆਂ ਤਿੜ੍ਹਾਂ ਬੀਜਣ ਦੇ ਮਨਸ਼ੇ ਨਾਲ ਸੋਲ੍ਹਾਂ ਸਾਲ ਤੋਂ ਘੱਟ ਉਮਰ ਵਰਗ ਦੇ ਨਿਆਣਿਆਂ ਦਾ ਕਬੱਡੀ ਮੈਚ ਕਰਵਾਇਆ।
ਇਸ ਉਪਰੰਤ ਸਾਊਥਾਲ ਦੀਆਂ ਉੱਘੀਆਂ ਸ਼ਖਸੀਅਤਾਂ ਤੇ ਕਲੱਬ ਦੇ ਵਿਸ਼ੇਸ਼ ਸਹਿਯੋਗੀਆਂ ਸੁਖਦੇਵ ਸਿੰਘ ਔਜਲਾ, ਪੰਮਾ ਔਜਲਾ, ਕੋਕਰੀ, ਉਮਰਾਓ ਅਟਵਾਲ, ਜਸਵੰਤ ਸਿੰਘ ਗਰੇਵਾਲ, ਸ਼ਿਗਾਰਾ ਸਿੰਘ (ਐੱਮ.ਏ. ਟੀ.ਵੀ.), ਵਕੀਲ ਗੁਰਪਾਲ ਉੱਪਲ, ਕੌਂਸਲਰ ਰਾਜੂ ਸੰਸਾਰਪੁਰੀ, ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ, ਵਿਸ਼ਵ ਪ੍ਰਸਿੱਧ ਖੇਡ ਲੇਖਕ ਪਰਮਜੀਤ ਸਿੰਘ ਬਾਗੜੀਆ, ਕੁਮੈਂਟੇਟਰ ਰਵਿੰਦਰ ਕੋਛੜ, ਭਿੰਦਾ ਮੁਠੱਡਾ, ਸੋਖਾ ਢੇਸੀ ਆਦਿ ਸਮੇਤ ਕਲੱਬ ਨੂੰ 'ਬੱਧਨੀ ਡੌਟ ਕੌਮ' ਜ਼ਰੀਏ ਸਹਿਯੋਗ ਦੇਣ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਹੇਜ਼ ਤੇ ਵੁਲਵਰਹੈਂਪਟਨ ਦੇ ਬੜੇ ਫਸਵੇਂ ਫਾਈਨਲ ਮੈਚ ਦੌਰਾਨ ਦਰਸ਼ਕ ਐਨੇ ਉਤੇਜਿਤ ਹੋ ਗਏ ਕਿ ਦੋ ਧਿਰਾਂ ਦਰਮਿਆਨ ਲੜਾਈ ਹੁੰਦੀ ਹੁੰਦੀ ਟਲੀ। ਸੁਰੱਖਿਆ ਕਰਮੀਆਂ ਦੀ ਲਿੱਪਾ-ਪੋਚੀ ਜਿਹੀ ਦੇਖਕੇ ਹਰ ਕੋਈ ਇਹੀ ਕਹਿ ਰਿਹਾ ਸੀ ਕਿ "ਬਾਈ ਜੀ, ਐਸੇ ਮੈਦਾਨ 'ਚ ਜੇ ਪੰਜਾਬ ਪੁਲਸ ਦੇ ਦੋ 'ਸ਼ਪਾਟੇ' ਵੀ ਡਾਂਗਾਂ ਚੱਕੀ ਫਿਰਦੇ ਹੁੰਦੇ ਤਾਂ ਵੀ ਘੁੱਗੀ ਨਹੀਂ ਸੀ ਖੰਘਣ ਦੇਣੀ ਮਾ ਦਿਆਂ ਸ਼ੇਰਾਂ ਨੇ।"
ਅੰਤ ਪ੍ਰਬੰਧਕਾਂ ਦੀਆਂ ਬੇਨਤੀਆਂ 'ਤੇ ਗੌਰ ਹੋਇਆ ਤੇ ਦੁਬਾਰਾ ਫਿਰ ਧੌਲਾਂ ਵੱਜਣ ਲੱਗੀਆਂ। ਜਿੱਥੇ ਸੁਖਮਨ, ਸੱਬਾ ਤੇ ਬਿੱਟੂ ਦੀਆਂ ਰੇਡਾਂ ਕਮਾਲ ਸਨ ਓਥੇ ਗੋਰਾ ਬਨੂੜ, ਬਾਜਾ ਮੱਲਣ ਤੇ ਬਗੀਚਾ ਇੰਦਗੜ੍ਹ ਨੇ ਵੀ ਦੱਸ ਦਿੱਤਾ ਕਿ ਜੱਫੇ ਇਉਂ ਲਾਏ ਜਾਂਦੇ ਹਨ। ਦੂਸਰੇ ਪਾਸੇ ਪ੍ਰਗਟ ਹਿੰਮਤਪੁਰਾ, ਬਲਕਾਰਾ ਸ਼ਿਕਾਰ ਮਾਛੀਆਂ, ਲਾਡੀ ਮਹਾਜੂ ਔਲਖ ਨੇ ਵੀ ਜੀਤ ਤੂਤ ਪਿੰਡ, ਵਿੱਕੀ ਘਨੌਰ ਤੇ ਧਨਵੰਤ ਸਾਫੂਵਾਲੀਆ ਤੇ ਜਗਦੀਪ ਢੀਮਾਂਵਾਲੀ ਨੂੰ ਵਖਤ ਪਾਈ ਰੱਖਿਆ। ਬਲਕਾਰੇ ਤੇ ਪ੍ਰਗਟ ਦੇ ਹਿੱਕ ਦੇ ਜ਼ੋਰ ਨਾਲੇ ਲਾਏ ਜੱਫਿਆਂ ਤੇ ਸੁਖਮਨ ਚੋਹਲਾ ਸਾਹਿਬ ਦੀ ਖੇਡ ਦੀ ਚਰਚਾ ਹਰ ਜ਼ੁਬਾਨ 'ਤੇ ਸੀ। ਅੰਤ ਮਰਹੂਮ ਸਿ਼ਦੇ ਅਮਲੀ ਦੀ ਵੁਲਵਰਹੈਂਪਟਨ ਦੀ ਟੀਮ ਇਸ ਸੀਜ਼ਨ ਦਾ ਪਹਿਲਾ ਕੱਪ ਜਿੱਤਣ 'ਚ ਕਾਮਯਾਬ ਹੋਈ।

No comments:

Post a Comment