ਇੰਗਲੈਂਡ ਕਬੱਡੀ ਕੱਪ 2010- (5)

ਜੱਸਾ ਸਿੱਧਵਾਂ 'ਸਰਵਉੱਤਮ ਧਾਵੀ' ਤੇ ਕੁਲਵਿੰਦਰ ਟੱਕਰ 'ਸਰਵਉੱਤਮ ਜਾਫੀ'
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ)- ਇੰਗਲੈਂਡ ਦੀ ਧਰਤੀ 'ਤੇ ਹੁੰਦੇ ਖੇਡ ਮੇਲੇ ਪੰਜਾਬ ਦੇ ਖੇਡ ਮੇਲਿਆਂ ਦੀ ਯਾਦ ਤਾਜ਼ਾ ਕਰਵਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਦੇ। ਹਫ਼ਤੇ ਭਰ ਦੇ ਰੁਝੇਵਿਆਂ ਤੋਂ ਵਿਹਲੇ ਹੋ ਕੇ ਹਰ ਐਤਵਾਰ ਦੂਰ ਦੁਰਾਡੇ ਹੁੰਦੇ ਖੇਡ ਮੇਲਿਆਂ 'ਤੇ ਵੀ ਕਬੱਡੀ ਦੇ ਸ਼ੌਕੀਨਾਂ ਦਾ ਪਹੁੰਚਣਾ, ਦਾਰੂ ਪੀ ਕੇ ਗਹਿਰੇ ਜਿਹੇ ਹੋ ਕੇ ਮੇਲੇ ਦਾ ਆਨੰਦ ਮਾਨਣਾ, ਸਿੰਗ ਫਸਾਉਣੇ ਦਰਸਾ ਦਿੰਦਾ ਹੈ ਕਿ ਪੰਜਾਬੀ ਹਰ ਥਾਂ ਪੰਜਾਬ ਵਸਾ ਦਿੰਦੇ ਹਨ। ਇੰਗਲੈਂਡ ਕਬੱਡੀ ਕੱਪ ਲਈ ਗੁਰਦੁਆਰਾ ਸਿੰਘ ਸਭਾ ਈਸਟ ਲੰਡਨ (ਬਾਰਕਿੰਗ ਅਤੇ ਸੈਵਨ ਕਿੰਗਜ਼) ਵੱਲੋਂ 32ਵੇਂ ਸ਼ਹੀਦੀ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਪ੍ਰਬੰਧਕੀ ਟੀਮ ਵੱਲੋਂ ਸਵਰਨ ਸਿੰਘ ਕੰਦੋਲਾ, ਗੁਰਦੀਪ ਸਿੰਘ ਹੁੰਦਲ, ਰਸ਼ਪਾਲ ਸਿੰਘ ਪਵਾਰ, ਲਹਿੰਬਰ ਸਿੰਘ ਲਿੱਧੜ, ਜਸਬੀਰ ਸਿੰਘ ਅਟਵਾਲ, ਚਰਨਜੀਤ ਸਿੰਘ ਭੱਟੀ, ਅਮਰੀਕ ਸਿੰਘ ਢਿੱਲੋਂ, ਰਘਵੀਰ ਸਿੰਘ ਸਿੱਧੂ ਆਦਿ ਦੀ ਮਿਹਨਤ ਦਾ ਨਤੀਜਾ ਸੀ ਕਿ ਮੈਦਾਨ ਵਿੱਚ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਸੀ ਬਚੀ। ਮੇਲੇ ਦਾ ਪਹਿਲਾ ਮੈਚ ਗ੍ਰੇਵਜੈਂਡ ਤੇ ਸਲੋਹ ਦੀਆਂ ਟੀਮਾਂ ਦਰਮਿਆਨ ਹੋਇਆ ਜਿਸ ਵਿੱਚ ਬੱਬੂ ਲਸਾੜਾ, ਹੈਪੀ ਚਮਿਆਰਾ, ਅਮਨ ਦੋਸਾਂਝ, ਮਨੀ, ਨੋਨਾ ਭੈਣੀ ਵੜਿੰਗਾਂ, ਅਮਨ ਜੌਹਲ ਵਰਗਿਆਂ ਦੀ ਸੁੱਚੇ ਧਰਮੀਵਾਲ, ਕਾਲੂ ਕਾਲਾ ਸੰਘਿਆਂ, ਭਿੰਦਾ ਨਵਾਜੀਪੁਰ, ਗੋਗੋ ਰੁੜਕੀ, ਰਮਨ ਰੁੜਕਾ, ਸੋਹਣ ਰੁੜਕੀ, ਸੰਦੀਪ ਨੰਗਲ ਅੰਬੀਆਂ ਅੱਗੇ ਪੇਸ਼ ਨਾ ਚੱਲੀ ਤੇ ਸਲੋਹ ਸਾਢੇ ਛੇ ਅੰਕਾਂ ਦੇ ਫ਼ਰਕ ਨਾਲ ਜੇਤੂ ਰਹੀ।
ਈਰਥ-ਵੂਲਿਚ ਤੇ ਟਿਲਫੋਰਡ+ਵੁਲਵਰਹੈਂਪਟਨ ਦੇ ਮੈਚ 'ਚੋਂ ਟਿਲਫੋਰਡ+ਵੁਲਵ. ਨੇ ਬਾਜ਼ੀ ਮਾਰੀ। ਬਾਰਕਿੰਗ ਤੇ ਕਵੈਂਟਰੀ 'ਚੋਂ ਬਾਰਕਿੰਗ 37-31.2 ਦੇ ਫ਼ਰਕ ਨਾਲ ਜੇਤੂ ਰਹੀ। ਡਰਬੀ ਤੇ ਸਾਊਥਾਲ ਦੇ ਭੇੜ ਦੌਰਾਨ ਸਾਊਥਾਲ ਵੱਲੋਂ ਅਮਨ ਕਕਰਾਲਾ, ਪਿੰਕੂ ਖਹਿਰੇ ਦੇ ਧਾਵਿਆਂ ਅਤੇ ਕਾਕਾ ਮਟੋਰੜਾ, ਗੋਲੂ ਤੇ ਕਿੰਦੇ ਗੁਰਦਾਸਪੁਰੀਏ ਦੀ ਬਾ-ਕਮਾਲ ਖੇਡ ਸਦਕਾ 38.5-30 ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਹੇਜ਼ ਤੇ ਵੁਲਵਰਹੈਂਪਟਨ ਦੇ ਮੁਕਾਬਲੇ 'ਚੋਂ ਸੁਖਮਨ ਚੋਹਲਾ ਸਾਹਿਬ, ਸੱਬਾ ਗੁਰਦਾਸਪੁਰ, ਪ੍ਰਗਟ ਹਿੰਮਤਪੁਰੀਆ, ਬਲਕਾਰ ਸ਼ਿਕਾਰ ਮਾਛੀਆਂ, ਮਹਾਜੂ ਔਲਖ ਦੀ ਖੇਡ ਸਦਕਾ ਵੁਲਵਰਹੈਂਪਟਨ 36.5-30 ਦੇ ਫ਼ਰਕ ਨਾਲ ਅੱਗੇ ਵਧੀ। ਬਰਮਿੰਘਮ ਤੇ ਟੈਲਫੋਰਡ ਦੇ ਭੇੜ 'ਚੋਂ 30 ਦੇ ਮੁਕਾਬਲੇ 35.5 ਅੰਕ ਲੈ ਕੇ ਟੈਲਫੋਰਡ ਅੱਗੇ ਵਧੀ। ਦੂਜੇ ਗੇੜ ਦੇ ਮੈਚ ਲੈਸਟਰ ਤੇ ਸਲੋਹ ਵਿੱਚੋਂ ਨੇਕੀ ਲਿੱਤਰਾਂ, ਪਾਲਾ ਹੇਅਰ, ਜੱਗਾ ਗਾਲਿਬ, ਗਗਨ ਨੰਗਲ ਅੰਬੀਆਂ ਦੀ ਮਿਹਨਤ ਵੀ ਲੈਸਟਰ ਨੂੰ ਜਿਤਾ ਨਾ ਸਕੀ। ਸਾਊਥਾਲ ਤੇ ਮਿੱਡਵੇ 'ਚੋਂ ਗੁਰਲਾਲ ਜਲਾਲਪੁਰ, ਯਾਦ ਨਵਾਜੀਪੁਰੀਆ, ਭੂਰਾ ਬੱਗੇਪਿੰਡੀਆ, ਭਾਲਾ ਅੰਬਰਸਰੀਆ, ਅਰਸਾਲ ਸੈਦੋ ਵਰਗਿਆਂ ਨੇ 35-32.5 ਦੇ ਫ਼ਰਕ ਨਾਲ ਮਿੱਡਵੇ ਦਾ ਪੱਲੜਾ ਹੋਰ ਭਾਰੀ ਕੀਤਾ। ਬਾਰਕਿੰਗ ਤੇ ਵੁਲਵਰਹੈਂਪਟਨ ਦੇ ਸਖਤ ਮੁਕਾਬਲੇ 'ਚੋਂ ਮੱਲ ਗੁਰਦਾਸਪੁਰੀਆ, ਗੋਗੀ ਜਰਗੜੀ, ਨਿਰਵੈਰ ਘੋਨੀ, ਕਰਮੀ, ਸ਼ਰਮਾ ਤੇ ਕਾਲੂ ਮਹੇੜੂ ਵਰਗਿਆਂ ਨੇ ਬਾਰਕਿੰਗ ਨੂੰ 35-24.5 ਦੇ ਅੰਤਰ ਨਾਲ ਸੈਮੀਫਾਈਨਲ 'ਚ ਪਹੁੰਚਾਇਆ।
ਟਿਲਫੋਰਡ+ਵੁਲਵ. ਨੇ ਟੈਲਫੋਰਡ ਨੂੰ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਪਾਇਆ। ਸਲੋਹ ਤੇ ਬਾਰਕਿੰਗ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ 'ਚ 39.5-41 ਦੇ ਫ਼ਰਕ ਨਾਲ ਸਲੋਹ ਦੀ ਮਿਹਨਤ ਰੰਗ ਲਿਆਈ। ਟਿਲਫੋਰਡ+ਵੁਲਵ. ਤੇ ਮਿੱਡਵੇ ਦੀ ਘਮਸਾਨ ਦੀ ਟੱਕਰ 'ਚੋਂ ਟਿਲਫੋਰਡ+ਵੁਲਵ. ਨੇ ਫਾਈਨਲ 'ਚ ਪ੍ਰਵੇਸ਼ ਕੀਤਾ।
ਸੋਲ੍ਹਾਂ ਸਾਲ ਤੋਂ ਘੱਟ ਉਮਰ ਦੇ ਇੰਗਲੈਂਡ ਦੇ ਜੰਮਪਲ ਬੱਚਿਆਂ ਦਾ ਕਬੱਡੀ ਸ਼ੋਅ ਮੈਚ ਖਿੱਚ ਦਾ ਕੇਂਦਰ ਬਣਿਆ। ਜ਼ਿਕਰਯੋਗ ਹੈ ਕਿ ਟਿਲਫੋਰਡ+ਵੁਲਵ. ਦੀ ਟੀਮ ਹੁਣ ਤੱਕ ਦੇ ਹੋਏ ਪੰਜਾਂ ਖੇਡ ਮੇਲਿਆਂ 'ਚੋਂ ਤਿੰਨ ਕੱਪਾਂ 'ਤੇ ਕਬਜ਼ਾ ਕਰਕੇ ਅੱਜ ਚੌਥੀ ਵਾਰ ਫਾਈਨਲ 'ਚ ਸੀ। ਅੰਤਾਂ ਦੇ ਖੁਸ਼ਗਵਾਰ ਮੌਸਮ ਵਿੱਚ ਫਾਈਨਲ ਮੈਚ ਟਿਲਫੋਰਡ+ਵੁਲਵ. ਤੇ ਸਲੋਹ ਦੀਆਂ ਟੀਮਾਂ ਦਰਮਿਆਨ ਸ਼ੁਰੂ ਹੋਇਆ। ਗੁੱਗੂ ਹਿੰਮਤਪੁਰੀਏ ਦੇ ਮਾਮੂਲੀ ਅਤੇ ਹਰਵਿੰਦਰ ਰੱਬੋਂ ਦੇ ਗੰਭੀਰ ਸੱਟ ਲੱਗਣ ਕਾਰਨ ਇੱਕ ਵਾਰ ਤਾਂ ਮੈਚ ਬੇਸੁਆਦਾ ਜਿਹਾ ਪ੍ਰਤੀਤ ਹੋਣ ਲੱਗਾ ਸੀ ਪਰ ਗੁਰਲਾਲ ਘਨੌਰ ਤੇ ਜੱਸਾ ਸਿੱਧਵਾਂ ਦੀ ਜੋੜੀ ਨੇ ਗੁੱਗੂ ਦੀ ਗੈਰਹਾਜ਼ਰੀ ਲੁਕੋ ਦਿੱਤੀ। ਕੁਲਵਿੰਦਰ ਟੱਕਰ, ਪਾਲਾ ਡਡਵਿੰਡੀ ਤੇ ਕੁਲਜੀਤੇ ਖਾੜਕੂ ਦੀ ਤਿੱਕੜੀ ਨੇ ਰੱਬੋਂ ਦੀ ਘਾਟ ਪੂਰੀ ਕਰਦਿਆਂ ਸਲੋਹ ਦੇ ਧਾਵੀਆਂ ਸੁੱਚਾ ਧਰਮੀਵਾਲ, ਕਾਲੂ ਕਾਲਾ ਸੰਘਿਆਂ, ਭਿੰਦਾ ਨਵਾਜੀਪੁਰ ਨਾਲ ਤਕੜੀ ਟੱਕਰ ਲਈ।
ਓਧਰ ਸੰਦੀਪ ਨੰਗਲ ਅੰਬੀਆਂ, ਗੋਗੋ ਰੁੜਕੀ,ਸੋਹਣ ਰੁੜਕੀ ਤੇ ਰਮਨ ਦੀ ਧੱਕੜ ਖੇਡ ਵੀ ਦਰਸ਼ਕਾਂ ਨੂੰ ਪੱਬਾਂ ਭਾਰ ਹੋਣ ਲਈ ਮਜ਼ਬੂਰ ਕਰ ਗਈ। ਅੰਤਾਂ ਦੇ ਰੌਚਕ ਮੁਕਾਬਲੇ 'ਚੋਂ ਟਿਲਫੋਰਡ+ਵੁਲਵ. ਚੌਥੀ ਵਾਰ ਕੱਪ 'ਤੇ ਕਬਜਾ ਕਰ ਗਈ। ਫੁਰਤੀਲਾ ਧਾਵੀ ਜੱਸਾ ਸਿੱਧਵਾਂ ਨੂੰ ਸਰਵਉੱਤਮ ਧਾਵੀ ਤੇ ਕੁਲਵਿੰਦਰ ਟੱਕਰ ਨੂੰ ਸਰਵਉੱਤਮ ਜਾਫੀ ਦੇ ਸਨਮਾਨ ਨਾਲ ਨਿਵਾਜਿਆ ਗਿਆ। ਮੇਲੇ ਦੌਰਾਨ ਸਾਊਥਾਲ ਈਲਿੰਗ ਹਲਕੇ ਦੇ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ, ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਉਮਰਾਓ ਸਿੰਘ ਅਟਵਾਲ, ਸੁਖਦੇਵ ਸਿੰਘ ਔਜਲਾ, ਜਸਵੰਤ ਸਿੰਘ ਗਰੇਵਾਲ, ਹਰਜਿੰਦਰ ਅਟਵਾਲ, ਸੁਖਵੀਰ ਸੋਢੀ, ਲਹਿੰਬਰ ਸਿੰਘ ਕੰਗ, ਵਿਸ਼ਵ ਪ੍ਰਸਿੱਧ ਖੇਡ ਲੇਖਕ ਪਰਮਜੀਤ ਸਿੰਘ ਬਾਗੜੀਆ, ਕੁਮੈਂਟੇਟਰ ਰਵਿੰਦਰ ਕੋਛੜ, ਭਿੰਦਾ ਮੁਠੱਡਾ, ਸੋਖਾ ਢੇਸੀ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੇਲੇ ਦੌਰਾਨ ਦਾਰੂ ਪੀ ਕੇ ਲਿਟਦੇ, ਇੱਕ ਦੂਜੇ ਦੀ ਖਿੱਚਧੂਹ ਕਰਦੇ ਦਰਸ਼ਕ ਖਿੱਚ ਦਾ ਕੇਂਦਰ ਬਣੇ ਰਹੇ।

No comments:

Post a Comment