ਜੱਸਾ ਸਿੱਧਵਾਂ ਬੈਸਟ ਰੇਡਰ ਅਤੇ ਗੋਗੋ ਰੁੜਕੀ ਬੈਸਟ ਜਾਫੀ ਐਲਾਨੇ।
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ)- ਇੰਗਲੈਂਡ ਕਬੱਡੀ ਕੱਪ ਲਈ ਹੋਏ ਚੌਥੇ ਕਬੱਡੀ ਖੇਡ ਮੇਲੇ ਦਾ ਆਯੋਜਨ ਟੈਲਫੋਰਡ ਵਿਖੇ ਕੀਤਾ ਗਿਆ। ਮੇਲੇ ਦੇ ਪ੍ਰਬੰਧਕਾਂ 'ਪੰਜਾਬ ਦੀ ਆਵਾਜ਼' ਦੇ ਸੰਪਾਦਕ ਨਛੱਤਰ ਸਿੰਘ ਥਿਆੜਾ, ਗੁਰਪਾਲ ਸਿੰਘ ਚੱਠਾ, ਲਹਿੰਬਰ ਸਿੰਘ, ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਕੱਤਰ ਬਲਵਿੰਦਰ ਸਿੰਘ ਚੱਠਾ ਆਦਿ ਦੀ ਮਿਹਨਤ ਦਾ ਨਤੀਜਾ ਸੀ ਕਿ ਕਬੱਡੀ ਮੈਚਾਂ ਲਈ ਚੁਣਿਆ ਸਥਾਨ ਬੇਹਤਰੀਨ ਫੁੱਟਬਾਲ ਦੇ ਮੈਦਾਨ ਦੇਕ ਕੇ ਰੂਹ ਖੁਸ਼ ਹੁੰਦੀ ਸੀ। ਸ਼ੀਸ਼ੇ ਵਾਂਗੂੰ ਲਿਸ਼ਕੋਰਾਂ ਮਾਰਦੀ ਧੁੱਪ Ḕਚ ਚੋਬਰਾਂ ਦੇ ਦਰਸ਼ਨੀ ਸ਼ਰੀਰ ਵੀ ਦਰਸ਼ਕਾਂ ਨੂੰ ਸਰੂਰ ਚਾੜ੍ਹ ਰਹੇ ਸਨ। ਪਹਿਲੇ ਮੈਚ ਲਈ ਟੈਲਫੋਰਡ ਅਤੇ ਵੁਲਵਰਹੈਂਪਟਨ ਦੀਆਂ ਟੀਮਾਂ ਅਰਦਾਸ ਕਰਕੇ ਮੈਦਾਨ 'ਚ ਆਈਆਂ ਤਾਂ ਦਰਸ਼ਕ ਵੀ ਪੱਬਾਂ ਭਾਰ ਹੋਣ ਲਈ ਮਜ਼ਬੂਰ ਹੋ ਗਏ। ਸੁਖਮਨ ਚੋਹਲਾ ਸਾਹਿਬ ਦੇ ਪਹਿਲੇ ਧਾਵੇ ਤੋਂ ਸ਼ੁਰੂ ਹੋ ਕੇ ਵੁਲਵਰਹੈਂਪਟਨ ਦੇ ਸੱਬਾ ਗੁਰਦਾਸਪੁਰੀਆ, ਪ੍ਰਗਟ ਹਿੰਮਤਪੁਰੀਆ, ਬਲਕਾਰਾ ਸ਼ਿਕਾਰ ਮਾਛੀਆਂ, ਮਹਾਜੂ ਔਲਖ ਦੀ ਧੱਕੜ ਖੇਡ ਨੇ ਮੈਚ ਦਾ ਪਾਸਾ ਹੀ ਪਲਟ ਦਿੱਤਾ ਤੇ ਜੇਤੂ ਤਾਜ਼ ਵੁਲਵਰਹੈਂਪਟਨ ਸਿਰ ਟਿਕਾਇਆ। ਡਰਬੀ ਤੇ ਬਾਰਕਿੰਗ ਦੇ ਭੇੜ 'ਚੋਂ ਬਾਰਕਿੰਗ 40-30 ਦੇ ਫ਼ਰਕ ਨਾਲ ਜੇਤੂ ਰਹੀ। ਗ੍ਰੇਵਜੈਂਡ ਅਤੇ ਹੇਜ਼ ਦੇ ਮੁਕਾਬਲੇ 'ਚ ਬਾਜਾ ਮੱਲਣ, ਵਿੱਕੀ ਘਨੌਰ, ਜੀਤ ਤੂਤ, ਧਨਵੰਤ ਮੋਗਾ ਦੀ ਸਾਫ ਸੁਥਰੀ ਖੇਡ ਸਦਕਾ ਹੇਜ਼ ਖੁੱਭੀ ਗੱਡੀ ਕੱਢਣ 'ਚ ਸਫਲ ਰਹੀ। ਸਿੰਘ ਸਭਾ ਸਾਊਥਾਲ ਤੇ ਲੈਸਟਰ ਦੇ ਮੈਚ ਦੌਰਾਨ ਸਾਊਥਾਲ ਵੱਲੋਂ ਪਿੰਕੂ ਖਹਿਰਾ, ਅਮਨਾ ਕਕਰਾਲਾ ਦੇ ਧਾਵਿਆਂ ਨੇ ਜਿੱਤ ਕੰਮਾ ਔਜਲਾ ਤੇ ਕੇਸਰ ਧਾਲੀਵਾਲ ਦੀ ਝੋਲੀ ਪਾਈ। ਟੈਲਫੋਰਡ+ਵੁਲਵਰਹੈਂਪਟਨ ਤੇ ਕਵੈਂਟਰੀ ਦੇ ਮੈਚ ਵਿੱਚੋਂ ਬੇਸ਼ੱਕ ਕਵੈਂਟਰੀ ਦੇ ਖਿਡਾਰੀਆਂ ਦੀ ਖੇਡ ਵੀ ਬਾ-ਕਮਾਲ ਰਹੀ ਪਰ ਟੈਲਫੋਰਡ+ਵੁਲਵ. 35-25 ਦੇ ਫ਼ਰਕ ਨਾਲ ਬਾਜ਼ੀ ਮਾਰ ਗਈ। ਸਿੰਘ ਸਭਾ ਸਲੋਹ ਤੇ ਬਰਮਿੰਘਮ 'ਚੋਂ ਸਲੋਹ ਦੀ ਟੀਮ 35-25 ਨਾਲ ਅੱਗੇ ਵਧੀ। ਦੂਜੇ ਗੇੜ ਦਾ ਵੁਲਵਰਹੈਂਪਟਨ ਤੇ ਹੇਜ਼ ਦਾ ਪਹਿਲਾ ਮੈਚ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ। ਅੰਤਾਂ ਦੇ ਫਸਵੇਂ ਮੈਚ 'ਚੋਂ ਅੱਧੇ ਅੰਕ ਦੇ ਫਰਕ ਨਾਲ ਛਿੰਦੇ ਅਮਲੀ ਦੀ ਟੀਮ ਸੈਮੀਫਾਈਨਲ ਵੱਲ ਨੂੰ ਖਿਸਕੀ। ਬਾਰਕਿੰਗ ਤੇ ਸਾਊਥਾਲ ਦੇ ਮੈਚ ਵਿੱਚ ਅਮਨੇ ਕਕਰਾਲੇ ਦੇ ਲਾਹ ਲਾਹ ਸੁੱਟਣ ਦੀ ਕਲਾ ਨੇ ਦਰਸ਼ਕਾਂ ਦਾ ਮਨ ਮੋਹਿਆ। ਪਰ ਬਾਰਕਿੰਗ 37.5-32 ਦੇ ਮੁਕਾਬਲੇ ਜੇਤੂ ਰਹੀ। ਮਿੱਡਵੇ ਤੇ ਟੈਲਫੋਰਡ+ਵੁਲਵ. 'ਚੋਂ ਟੈਲਫੋਰਡ+ਵੁਲਵ. ਨੇ ਜਿੱਤ ਦਰਜ ਕਰਕੇ ਨਛੱਤਰ ਥਿਆੜਾ ਦਾ ਖੂਨ ਵਧਾਇਆ। ਈਰਥ+ਵੂਲਿਚ ਤੇ ਸਲੋਹ ਦੇ ਮੈਚ 'ਚੋਂ ਸਲੋਹ ਦੇ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਜਿੱਤ ਦਾ ਕਾਰਨ ਬਣਿਆ। ਸੈਮੀਫਾਈਨਲ ਦਾ ਪਹਿਲਾ ਮੈਚ ਵੁਲਵਰਹੈਂਪਟਨ ਤੇ ਟੈਲਫੋਰਡ+ਵੁਲਵ. ਦੀਆਂ ਟੀਮਾਂ ਦਰਮਿਆਨ ਹੋਇਆ। ਜਿਸ ਵਿੱਚ ਟੈਲਫੋਰਡ+ਵੁਲਵ. ਦੇ ਧਾਵੀਆਂ ਜੱਸਾ ਸਿੱਧਵਾਂ, ਗੁੱਗੂ ਹਿੰਮਤਪੁਰੀਆ, ਗੁਰਲਾਲ ਘਨੌਰ ਦੀਆਂ ਰੇਡਾਂ ਅੱਗੇ ਪ੍ਰਗਟ ਹਿੰਮਤਪੁਰੀਏ, ਬਲਕਾਰੇ ਵਰਗਿਆਂ ਦੀ ਪੇਸ਼ ਨਾ ਚੱਲੀ ਅਤੇ ਹਰਵਿੰਦਰ ਰੱਬੋਂ, ਕੁਲਜੀਤਾ ਖਾੜਕੂ, ਕੁਲਜਿੰਦਰ ਟੱਕਰ ਦੇ ਜੱਫਿਆਂ ਅੱਗੇ ਸੁਖਮਨ ਚੋਹਲਾ ਸਾਹਿਬ, ਸੱਬਾ ਗੁਰਦਾਸਪੁਰੀਆ ਵੀ ਜਿੱਤ ਨੂੰ ਹੱਥ ਨਾ ਪੁਆ ਸਕੇ। ਓਧਰ ਸਲੋਹ ਤੇ ਬਾਰਕਿੰਗ ਦੇ ਮੈਚ 'ਚੋਂ ਸਲੋਹ ਨੇ ਮੈਚ ਜਿੱਤ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਫਾਈਨਲ ਮੈਚ ਤੋਂ ਪਹਿਲਾਂ ਖਿਡਾਰੀਆਂ ਨੂੰ ਦਮ ਦਿਵਾਉਣ ਅਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਬੱਡੀ ਨਾਲ ਜੋੜਨ ਲਈ ਸੋਅ ਮੈਚ ਕਰਵਾਇਆ ਗਿਆ। ਫਾਈਨਲ ਮੈਚ ਸ਼ੁਰੁ ਹੋਣ ਦੀ ਦੇਰ ਸੀ ਕਿ ਸਟੇਡੀਅਮ 'ਚ ਤਿਲ ਸੁੱਟਣ ਨੂੰ ਥਾਂ ਨਾ ਰਹੀ। ਇੱਕ ਵਾਰ ਤਾ ਸਲੋਹ ਵੱਲੋਂ ਕਾਲੂ ਕਾਲਾ ਸੰਘਿਆਂ, ਭਿੰਦੇ ਨਵਾਜੀਪੁਰੀਏ ਤੇ ਸੁੱਚੇ ਧਰਮੀਵਾਲ ਦੀਆਂ ਫੁਰਤੀਲੀਆਂ ਰੇਡਾਂ ਤੇ ਸੋਹਣ ਰੁੜਕੀ, ਗੋਗੋ ਰੁੜਕੀ, ਸੰਦੀਪ ਨੰਗਲ ਅੰਬੀਆਂ ਨੇ ਟੈਲਫੋਰਡ+ਵੁਲਵ. ਦੇ ਖਿਡਾਰੀਆਂ ਨੂੰ ਵਖਤ ਪਾ ਦਿੱਤਾ ਸੀ ਪਰ ਦੂਜੇ ਪਾਸਿਉਂ ਧਾਵੀਆਂ ਗੁੱਗੂ, ਜੱਸੇ ਤੇ ਗੁਰਲਾਲ ਅਤੇ ਜਾਫੀਆਂ ਰੱਬੋਂ, ਖਾੜਕੂ ਤੇ ਟੱਕਰ ਦੀ ਤਿੱਕੜੀ ਨੇ ਦਰਸ਼ਕਾਂ ਦੀਆਂ ਤਾੜੀਆਂ ਕਬੂਲੀਆਂ। ਜਾਨ ਹੂਲਵੀਂ ਟੱਕਰ 'ਚੋਂ ਟੈਲਫੋਰਡ+ਵੁਲਵ. ਦੀ ਟੀਮ ਨੇ 4 ਅੰਕਾਂ ਦੇ ਫ਼ਰਕ ਨਾਲ ਫਾਈਨਲ ਮੈਚ ਜਿੱਤ ਕੇ ਇਸ ਸੀਜਨ ਦਾ ਲਗਾਤਾਰ ਤੀਜਾ ਕੱਪ ਜਿੱਤ ਕੇ ਦਰਸਾ ਦਿੱਤਾ ਕਿ ਨਛੱਤਰ ਥਿਆੜਾ ਵਰਗਿਆਂ ਦੀ ਅੱਖ ਵੀ ਸਿਰੇ ਦੀ ਪਾਰਖੂ ਹੈ ਜਿਸਨੇ ਪੰਜਾਬ ਦੇ 'ਕਰੀਮ' ਖਿਡਾਰੀ ਆਪਣੀ ਟੀਮ ਵੱਲੋਂ ਖਿਡਾਏ ਹਨ। ਸਮੁੱਚੇ ਮੈਚਾਂ ਦਾ ਹਿਸਾਬ ਕਿਤਾਬ ਕਰਨ ਤੋਂ ਬਾਦ ਟੈਲਫੋਰਡ+ਵੁਲਵ. ਦੇ ਧਾਵੀ ਜੱਸਾ ਸਿੱਧਵਾਂ ਨੂੰ ਸਰਵਉੱਤਮ ਧਾਵੀ ਅਤੇ ਸਲੋਹ ਦੇ ਜਾਫੀ ਗੋਗੋ ਰੁੜਕੀ ਨੂੰ ਸਰਵਉੱਤਮ ਜਾਫੀ ਦੇ ਸਨਮਾਨ ਨਾਲ ਨਿਵਾਜਿਆ ਗਿਆ। ਮੈਚਾਂ ਦੌਰਾਨ ਬੇਸ਼ੱਕ ਹੋਰ ਵੀ ਕੁਮੈਂਟੇਟਰ ਸਨ ਪਰ ਪੰਜਾਬ ਤੋਂ ਵਿਸ਼ੇਸ਼ ਸੱਦੇ 'ਤੇ ਪਹੁੰਚੇ ਵਿਸ਼ਵ ਪ੍ਰਸਿੱਧ ਕੁਮੈਂਟੇਟਰ ਰਵਿੰਦਰ ਕੋਛੜ ਦੀ ਸ਼ੇਅਰੋ-ਸ਼ਾਇਰੀ ਨੇ ਖੇਡ ਮੇਲੇ ਨੂੰ ਚਾਰ ਚੰਨ ਲਾਏ।
No comments:
Post a Comment