ਲੰਡਨ- (ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ) ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ (ਗ੍ਰੇਵਜੈਂਡ ਕੈਂਟ) ਦੀ ਪ੍ਰਬੰਧਕ ਕਮੇਟੀ ਵੱਲੋਂ ਇੰਗਲੈਂਡ ਕਬੱਡੀ ਕੱਪ ਲਈ ਹੋਏ ਖੇਡ ਮੇਲੇ ਦਾ ਆਯੋਜਨ ਖਾਲਸਾ ਐਵੇਨਿਊ ਵਿਖੇ ਨਵੇਂ ਗੁਰੂ ਘਰ ਦੀਆਂ ਗਰਾਊਂਡਾ ਵਿੱਚ ਕੀਤਾ ਗਿਆ। ਇੱਕ ਪਾਸੇ ਅਰਬਾਂ ਪੌਂਡਾਂ ਨਾਲ ਤਿਆਰ ਹੋ ਰਹੀ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਇਮਾਰਤ ਦ੍ਰਿਸ਼ ਨੂੰ ਮਨਮੋਹਕ ਬਣਾ ਰਹੀ ਸੀ ਤੇ ਦੂਸਰੇ ਪਾਸੇ ਨਾਲ ਲਗਦੇ ਖੇਡ ਮੈਦਾਨ ਵਿੱਚ ਮਾਂ ਖੇਡ ਕਬੱਡੀ ਦਾ ਆਨੰਦ ਮਾਨਣ ਆਏ ਦਰਸ਼ਕਾਂ ਦਾ ਹੜ੍ਹ...। ਮੇਲੇ ਦੇ ਪ੍ਰਬੰਧਕ ਜਸਪਾਲ ਸਿੰਘ ਢੇਸੀ, ਸੱਤਾ ਮੁਠੱਡਾ, ਕੁਮੈਂਟੇਟਰ ਭਿੰਦਾ ਮੁਠੱਡਾ, ਲਛਮਣ ਸਿੰਘ ਖੋਖੇਵਾਲ, ਜਸਮੇਲ ਦੁਸਾਂਝ, ਰਛਪਾਲ ਪਾਲਾ, ਬਿੱਟੂ ਭਰੋਲੀ, ਦਵਿੰਦਰ ਪਤਾਰਾ ਵਰਗਿਆਂ ਦੀ
ਅਣਥੱਕ ਮਿਹਨਤ ਦਾ ਨਤੀਜਾ ਸੀ ਕਿ ਪਿਛਲੇ ਖੇਡ ਮੇਲਿਆਂ ਤੋਂ ਵੱਖਰਾ ਹੀ ਪ੍ਰਬੰਧ ਨਜ਼ਰ ਆ ਰਿਹਾ ਸੀ। ਟੂਰਨਾਮੈਂਟ ਦਾ ਪਹਿਲਾ ਮੈਚ ਹੀ ਦਰਸ਼ਕਾਂ ਨੂੰ ਇਹ ਦਰਸਾਉਣ ਲਈ ਕਾਫੀ ਸੀ ਕਿ ਉਹਨਾਂ ਵੱਲੋਂ ਮੈਚ ਦੇਖਣ ਲਈ ਖਰਚੇ ਪੰਜ ਪੌਂਡ ਵਿਅਰਥ ਨਹੀਂ ਜਾਣਗੇ ਸਗੋਂ ਕੁੰਢੀਆਂ ਦੇ ਸਿੰਗ ਭਿੜਦੇ ਜਰੂਰ ਦਿਸਣਗੇ। ਪਹਿਲਾ ਮੈਚ ਈਰਥ-ਵੂਲਿਚ ਤੇ ਲੈਸਟਰ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ਦੌਰਾਨ ਈਰਥ ਵੱਲੋਂ ਲੁਗ-ਲੁਗ ਕਰਦੇ ਸਰੀਰ ਦੇ ਮਾਲਕ ਚੋਬਰ ਬਦੇਸ਼ੇ ਨੇ ਟੂਰਨਾਮੈਂਟ ਦੀ ਪਹਿਲੀ ਰੇਡ ਪਾਉਣ ਦਾ ਮਾਣ ਹਾਸਲ ਕੀਤਾ। ਪ੍ਰਦੀਪ ਰੋਲੂਮਾਜਰਾ, ਸਿੰਘ ਸਰਦਾਰ ਖਿਡਾਰੀ ਜੋੜੀ ਅਮਰਜੀਤ ਤੇ ਕਿੰਦੇ ਦੀਆਂ ਰੇਡਾਂ ਦੀ ਟੂਰਨਾਮੈਂਟ ਦੇ ਅਖੀਰ ਤੱਕ ਸਰਦਾਰੀ ਰਹੀ। ਜਿਹਨਾਂ ਅੱਗੇ ਲੈਸਟਰ ਦੇ ਖਿਡਾਰੀਆਂ ਦੀ ਪੇਸ਼ ਨਾ ਗਈ ਤੇ ਪਹਿਲੇ ਮੈਚ ਦੀ ਜਿੱਤ ਈਰਥ-ਵੂਲਿਚ ਦੀ ਝੋਲੀ ਆਣ ਪਈ। ਫਿਰ ਵਾਰੀ ਆਈ ਟਿਲਫੋਰਡ-ਵੁਲਵਰਹੈਂਪਟਨ ਤੇ ਛਿੰਦੇ ਅਮਲੀ ਦੀ ਟੀਮ ਵਜੋਂ ਜਾਣੀ ਜਾਂਦੀ ਟੀਮ ਵੁਲਵਰਹੈਂਪਟਨ ਦੀ। ਜਿੱਥੇ ਟਿਲਫੋਰਡ-ਵੁਲਵਰਹੈਂਪਟਨ ਵੱਲੋਂ ਧਾਵੀ ਗੁੱਗੂ ਹਿੰਮਤਪੁਰੀਆ, ਜੱਸਾ ਸਿੱਧਵਾਂ, ਗੁਰਲਾਲ ਘਨੌਰ ਅਤੇ ਜਾਫੀਆਂ 'ਚ ਹਰਵਿੰਦਰ ਰੱਬੋਂ, ਕੁਲਜੀਤਾ ਖਾੜਕੂ, ਕੁਲਵਿੰਦਰ ਟੱਕਰ ਅੰਕ ਇਕੱਠੇ ਕਰਨ ਲਈ ਤਾਹੂ ਨਜਰ ਆ ਰਹੇ ਸਨ ਓਧਰ ਦੂਜੇ ਪਾਸੇ ਲਾਡੀ ਮਹਾਜੂ ਔਲਖ, ਪ੍ਰਗਟ ਹਿੰਮਤਪੁਰੀਏ ਵਰਗੇ ਜਾਫੀ ਅਤੇ 'ਜੰਬੋ' ਦੇ ਨਾਂ ਨਾਲ ਜਾਣੇ ਜਾਂਦੇ ਦੀਪ ਹਿੰਮਤਪੁਰੀਏ ਦੇ ਸੱਟ ਲੱਗਣ ਕਾਰਨ ਅੱਜ ਧਾਵੀ ਵਜੋਂ ਸਾਰੀ ਜ਼ਿਮੇਵਾਰੀ ਸੁਖਮਨ ਚੋਹਲਾ ਸਾਹਿਬ ਵਾਲੇ ਸਿਰ ਆਣ ਪਈ ਲਗਦੀ ਸੀ। ਅੰਤਾਂ ਦੇ ਧੌਲ-ਧੱਫਿਆਂ ਅਤੇ ਗੁੱਗੂ ਨੂੰ ਆਪਣੇ ਹੀ ਗਰਾਈਂ ਪ੍ਰਗਟ ਵੱਲੋਂ ਲਾਏ ਦੋ ਜੱਫੇ ਵੀ ਵੁਲਵਰਹੈਂਪਟਨ ਦੀ ਟੀਮ ਨੂੰ ਜਿਤਾ ਨਾ ਸਕੀ। ਸਿੰਘ ਸਭਾ ਬਾਰਕਿੰਗ ਅਤੇ ਸਿੰਘ ਸਭਾ ਸਲੋਹ ਦੇ ਮੁਕਾਬਲੇ 'ਚੋਂ ਭਿੰਦੇ ਨਵਾਜੀਪੁਰੀਏ, ਕਾਲੂ ਕਾਲਾ ਸੰਘਿਆਂ, ਸੁੱਚੇ ਧਰਮੀਵਾਲ ਦੀਆਂ ਰੇਡਾਂ ਅਤੇ ਸੋਹਣ ਰੁੜਕੀ ਤੇ ਗੋਗੋ ਰੁੜਕੀ ਦੀ ਵੱਢਖਾਣੀ ਜਾਫ ਦੀਆਂ ਗੱਲਾਂ ਹਰ ਜ਼ੁਬਾਨ 'ਤੇ ਸਨ। 34.5 ਦੇ ਮੁਕਾਬਲੇ 38 ਅੰਕ ਲੈ ਕੇ ਸਲੋਹ ਦੀ ਟੀਮ ਬਾਰਕਿੰਗ ਤੋਂ ਬਾਜ਼ੀ ਮਾਰ ਗਈ। ਹੇਜ਼ ਤੇ ਟਿਲਫੋਰਡ ਦੇ ਭੇੜ 'ਚੋਂ ਧਨਵੰਤ ਸਾਫੂਵਾਲਾ, ਜੀਤ ਤੂਤਪਿੰਡ, ਵਿੱਕੀ ਘਨੌਰ ਦੀਆਂ ਰੇਡਾਂ ਅਤੇ ਬਾਜਾ ਮੱਲਣ, ਬਗੀਚੇ ਦੇ ਜੱਫਿਆਂ ਅੱਗੇ ਟਿਲਫੋਰਡ ਦੇ ਅਸ਼ਤਰ ਧਾਵੀ ਪਾਲੀ ਪਲਗੋਟੇ ਤੇ ਜਾਫੀ ਦੀਪੇ ਘੁਰਲੀ ਵਰਗਿਆਂ ਦੀ ਪੇਸ਼ ਨਾ ਗਈ। 32.5 ਦੇ ਮੁਕਾਬਲੇ 36 ਅੰਕ ਲੈ ਕੇ ਹੇਜ਼ ਜੇਤੂ ਰਹੀ। ਡਰਬੀ ਤੇ ਮਿੱਡਵੇ ਦੇ ਮੈਚ 'ਚੋਂ 26.5 -35 ਦੇ ਫਰਕ ਨਾਲ ਮਿੱਡਵੇ ਨੇ ਜਿੱਤ ਹਾਸਲ ਕੀਤੀ। ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਭਾਗ ਲੈ ਰਹੀ ਸਾਊਥਾਲ ਦੀ ਟੀਮ ਵੱਲੋਂ ਰੇਡਾਂ ਪਾਉਂਦਿਆਂ ਪਿੰਕੂ, ਹੈਪੀ, ਅਮਨ ਤੇ ਜਾਫੀ ਰਾਜਾ ਨਸੀਮਪੁਰ, ਗਿੰਦਰ ਘੁਮਾਣ ਨੇ ਬਰਮਿੰਘਮ ਦੇ ਖਿਡਾਰੀਆਂ ਨੂੰ 32.5-34 ਦੇ ਮੁਕਾਬਲੇ ਨਾਲ ਮਾਤ ਦੇ ਕੇ ਬਿੱਟੂ ਮੋਹੀ, ਕੇਸਰ ਧਾਲੀਵਾਲ ਵਰਗਿਆਂ ਤੋਂ ਸ਼ਾਬਾਸ਼ ਹਾਸਲ ਕੀਤੀ।
ਸਲੋਹ ਤੇ ਈਰਥ ਵੂਲਿਚ ਦੇ ਫਸਵੇਂ ਮੈਚ 'ਚੋਂ ਈਰਥ 31.5-33 ਦੇ ਫਰਕ ਨਾਲ ਅੱਗੇ ਵਧੀ। ਟਿਲਫੋਰਡ-ਵੁਲਵਰਹੈਂਪਟਨ ਤੇ ਹੇਜ਼ ਦੇ ਦੂਜੇ ਗੇੜ ਦੇ ਮੈਚ 'ਚੋਂ ਟਿਲਫੋਰਡ-ਵੁਲਵਰਹੈਂਪਟਨ ਨੇ ਜੇਤੂ ਰੱਥ ਅੱਗੇ ਤੋਰਿਆ। ਮੈਚਾਂ ਦੇ ਚਲਦਿਆਂ ਗ੍ਰੇਵਜੈਂਡ ਗੁਰਦੁਆਰਾ ਸਾਹਿਬ ਲਈ ਲੋਹੇ ਦੀ ਆਹਰਨ ਚੁੱਕ ਕੇ ਦਾਨ ਇਕੱਠਾ ਕਰਨ ਵਾਲਾ ਪਲਵਿੰਦਰ ਸਿੰਘ ਢੰਡਾ ਵੀ ਪੈਂਤਰੇ ਕੱਢ ਰਿਹਾ ਸੀ। ਆਪਣੇ ਜੌਹਰ ਉਪਰੰਤ ਪਲਵਿੰਦਰ ਨੇ ਇਸ ਖੇਡ ਮੇਲੇ 'ਚੋਂ ਇਕੱਠੀ ਹੋਈ 1300 ਪੌਂਡ ਦੀ ਰਾਸ਼ੀ ਪ੍ਰਬੰਧਕਾਂ ਦੇ ਸਪੁਰਦ ਕੀਤੀ। ਜ਼ਿਕਰਯੋਗ ਹੈ ਕਿ ਪਲਵਿੰਦਰ ਆਪਣੇ ਇਸ ਕਰਤੱਬ ਰਾਹੀਂ 43 ਹਜ਼ਾਰ ਪੌਂਡ ਇਕੱਠਾ ਕਰ ਚੁੱਕਾ ਹੈ। ਮੈਚ ਦੇਖ ਦੇਖ ਹੀ ਬਦਲਾਅ ਜਿਹਾ ਲੋੜਦੇ ਦਰਸ਼ਕਾਂ ਲਈ ਗਾਇਕ ਨਿਰਮਲ ਸਿੱਧੂ ਦਾ ਗੀਤ ਰੌਚਕਤਾ ਦਾ ਕਾਰਨ ਬਣਿਆ।
ਗ੍ਰੇਵਜੈਂਡ ਦੀ ਟੀਮ ਇਸ ਵਾਰ ਦਾ ਕਬੱਡੀ ਕੱਪ ਆਪਣੇ ਘਰ ਹੀ ਰੱਖ ਲੈਣ ਦੇ ਰਾਹ 'ਤੇ ਸੀ ਪਰ ਹੈਪੀ ਚਮਿਆਰਾ, ਬੱਬੂ ਲਸਾੜਾ, ਸੰਦੀਪ ਦਿੜਬਾ ਨੂੰ ਕ੍ਰਮਵਾਰ ਅਰਸਾਲ ਸੈਦੋ ਤੇ ਯਾਦ ਨਵਾਜੀਪੁਰ ਦੇ ਲੱਗੇ ਜੱਫਿਆਂ ਨੇ ਗ੍ਰੇਵਜੈਂਡ ਦੇ ਉਲੀਕੇ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ ਤੇ ਮਿੱਡਵੇ ਨੂੰ ਅੱਧੇ ਅੰਕ ਦੇ ਫਰਕ ਨਾਲ ਜਿਤਾਉਣ 'ਚ ਕਾਮਯਾਬ ਰਹੇ। ਸਾਊਥਾਲ ਤੇ ਕਵੈਂਟਰੀ ਦੀ ਘਮਸਾਨ ਦੀ ਟੱਕਰ 'ਚੋਂ ਕਵੈਂਟਰੀ ਜੇਤੂ ਰਹੀ। ਸੈਮੀਫਾਈਨਲ ਲਈ ਹੋਏ ਈਰਥ-ਵੂਲਿਚ ਤੇ ਮਿੱਡਵੇ ਦੇ ਮੁਕਾਬਲੇ 'ਚੋਂ 40-37.5 ਦੇ ਫਰਕ ਨਾਲ ਈਰਥ ਫਿਰ ਜੇਤੂ ਰਹੀ। ਓਧਰ ਕਵੈਂਟਰੀ ਦੀਆਂ ਕੱਪ ਜਿੱਤਣ ਦੀਆਂ ਆਸਾਂ ਟਿਲਫੋਰਡ-ਵੁਲਵਰਹੈਂਪਟਨ ਨੇ ਚਕਨਾਚੂਰ ਕਰ ਦਿੱਤੀਆਂ। ਹੁਣ ਦਰਸ਼ਕਾਂ 'ਚ ਫਾਈਨਲ ਮੈਚ ਦੀ ਰੌਚਕਤਾ ਬਣਾਈ ਰੱਖਣ ਲਈ 16 ਸਾਲ ਤੋਂ ਘੱਟ ਉਮਰ ਇੰਗਲੈਂਡ ਦੇ ਜੰਮਪਲ ਬੱਚਿਆਂ ਦਾ ਸ਼ੋਅ ਮੇਚ ਕਰਵਾਇਆ ਗਿਆ। ਇੰਤਜਾਰ ਦੀਆਂ ਘੜੀਆਂ ਖਤਮ ਹੋਈਆਂ... ਸ਼ੁਰੂ ਹੋ ਗਏ ਈਰਥ-ਵੂਲਿਚ ਤੇ ਟਿਲਫੋਰਡ-ਵੁਲਵਰਹੈਂਪਟਨ ਦੇ ਸਾਨ੍ਹਾਂ ਦੇ ਭੇੜ। ਅੰਤਾਂ ਦੀ ਸਾਫ ਸੁਥਰੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੋਵੇਂ ਟੀਮਾਂ ਨੇ ਦਰਸ਼ਕਾਂ ਦੇ 5 ਪੌਂਡਾ ਦਾ ਮੁੱਲ ਮੋੜਿਆ। ਅੰਤ ਟਿਲਫੋਰਡ-ਵੁਲਵਰਹੈਂਪਟਨ ਦੀ ਟੀਮ ਇਸ ਕਬੱਡੀ ਸੀਜ਼ਨ ਦਾ ਦੂਜਾ ਕੱਪ ਹਾਸਲ ਕਰਨ 'ਚ ਕਾਮਯਾਬ ਹੋਈ। ਟੂਰਨਾਮੈਂਟ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਸਪੁੱਤਰ ਅਭੈ ਚੌਟਾਲਾ, ਸਾਊਥਾਲ ਈਲਿੰਗ ਹਲਕੇ ਦੇ ਲੇਬਰ ਪਾਰਟੀ ਐੱਮ.ਪੀ. ਸ੍ਰੀ ਵਰਿੰਦਰ ਸ਼ਰਮਾ, ਜਸਵੰਤ ਸਿੰਘ ਗਰੇਵਾਲ, ਸੁਖਦੇਵ ਸਿੰਘ ਔਜਲਾ, ਉਮਰਾਓ ਅਟਵਾਲ, ਵੈਟਰਨ ਅਥਲੀਟ ਬਾਬਾ ਫੌਜਾ ਸਿੰਘ ਆਦਿ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿੱਥੇ ਸਕਿਉਰਟੀ, ਮੁਫਤ ਲੰਗਰ ਅਤੇ ਸ਼ਾਨਦਾਰ ਪ੍ਰਬੰਧਾਂ ਲਈ ਟੂਰਨਾਮੈਂਟ ਕਮੇਟੀ ਵਧਾਈ ਦੀ ਹੱਕਦਾਰ ਸੀ, ਓਥੇ ਭਿੰਦਾ ਮੁਠੱਡਾ ਤੇ ਰਵਿੰਦਰ ਕੋਛੜ ਦੀ ਦਮਦਾਰ ਕੁਮੈਂਟਰੀ ਵੀ ਖਿੱਚ ਦਾ ਕੇਂਦਰ ਬਣੀ ਰਹੀ।
No comments:
Post a Comment