ਇੰਗਲੈਂਡ ਕਬੱਡੀ ਕੱਪ 2010- (2)

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ)- ਇੰਗਲੈਂਡ ਕਬੱਡੀ ਕੱਪ ਲਈ ਹੋ ਰਹੇ ਟੂਰਨਾਮੈਂਟਾਂ ਦੀ ਲੜੀ ਤਹਿਤ ਦੂਸਰਾ ਟੂਰਨਾਮੈਂਟ ਗੁਰੂ ਅਰਜਨ ਦੇਵ ਕਬੱਡੀ ਕਲੱਬ ਡਰਬੀ ਵੱਲੋਂ ਕਰਵਾਇਆ ਗਿਆ। ਔਸਮੈਸਟਨ ਪਾਰਕ ਦੀਆਂ ਗਰਾਊਂਡਾਂ ਵਿੱਚ ਕਲੱਬ ਦੇ ਪ੍ਰਬੰਧਕ ਕੁਲਵਿੰਦਰ ਛੋਕਰ, ਸੁਖਦੇਵ ਅਟਵਾਲ 'ਸੋਖਾ ਉਦੋਪੁਰੀਆ', ਹਰਚਰਨ ਬੋਲਾ, ਨਛੱਤਰ ਛੋਕਰ, ਜਸਵੀਰ ਢਿੱਲੋਂ ਸਮੇਤ ਸਰਗਰਮ ਆਗੂ ਟੂਰਨਾਮੈਂਟ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿ ਜਾਣ ਦੇ ਡਰੋਂ ਭੰਮੀਰੀ ਵਾਂਗੂੰ ਘੁੰਮਦੇ ਫਿਰ ਰਹੇ ਸਨ। ਗਰਾਊਂਡਾਂ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ। ਜਿਉਂ ਹੀ ਕੁਮੈਂਟੇਟਰ ਭਿੰਦਾ ਮੁਠੱਡਾ ਤੇ ਸੋਖਾ ਢੇਸੀ ਦੀ ਜੋੜੀ ਨੇ ਆਪਣੇ ਸਾਜ਼ ਸੁਰ ਕਰਕੇ 'ਹੋਕਰੇ' ਮਾਰਨੇ ਸ਼ੁਰੂ ਕੀਤੇ ਤਾਂ ਗਰਾਊਂਡ ਦੁਆਲੇ ਗੱਡੇ 'ਵੰਝਾਂ' ਵੱਲ ਨੂੰ ਦਰਸ਼ਕ ਜੁੜਨੇ ਸ਼ੁਰੂ ਹੋ ਗਏ। ਇੰਗਲੈਂਡ ਦੇ ਖੇਡ ਮੇਲਿਆਂ ਵਿੱਚੋਂ ਜੇਕਰ ਭਿੰਦੇ ਅਤੇ ਸੋਖੇ ਦੀ ਜੋੜੀ ਨੂੰ ਮਨਫ਼ੀ ਕਰ ਦਿੱਤਾ ਜਾਵੇ ਤਾਂ ਇਉਂ ਲੱਗੇ ਕਿ ਜਿਵੇਂ ਖੇਡ ਮੇਲੇ 'ਤੇ ਨਹੀਂ ਸਗੋਂ ਕਿਸੇ ਸੱਤਰੇ- ਬਹੱਤਰੇ ਬੁੜ੍ਹੇ ਦੇ ਭੋਗ 'ਤੇ ਆਏ ਹੋਈਏ।
ਰੋਡਵੇਜ਼ ਦੀ ਬੱਸ ਦੇ ਕੰਡਕਟਰ ਵਾਂਗੂੰ ਰੈਫਰੀ ਦੀ ਸੀਟੀ ਵੱਜਣ ਦੀ ਦੇਰ ਸੀ ਕਿ ਪਹਿਲੇ ਮੈਚ ਲਈ ਬਾਰਕਿੰਗ ਅਤੇ ਗ੍ਰੇਵਜੈਂਡ ਦੀਆਂ ਟੀਮਾਂ ਦੇ ਦਰਸ਼ਨੀ ਚੋਬਰ ਸਰੀਰ ਗਰਮਾਉਂਦੇ ਹੋਏ ਆਣ ਧਮਕੇ। ਘਮਸਾਨ ਦੇ ਯੁੱਧ ਤੋਂ ਬਾਦ ਗ੍ਰੇਵਜੈਂਡ ਦੇ ਰੇਡਰਾਂ ਬੱਬੂ ਲਸਾੜਾ, ਸੰਦੀਪ ਦਿੜ੍ਹਬਾ, ਮੰਗਾ ਮਿੱਠਾਪੁਰੀਆ ਤੇ ਜਾਫੀ ਅਮਨ ਜੌਹਲ ਵਰਗਿਆਂ ਦੀ ਮਿਹਨਤ ਰੰਗ ਲਿਆਈ। ਗ੍ਰੇਵਜੈਂਡ ਦੀ ਟੀਮ ਜੇਤੂ ਰਹੀ। ਹੇਜ਼ ਅਤੇ ਵੁਲਵਰਹੈਂਪਟਨ ਦਾ ਮੁਕਾਬਲਾ ਸਾਹ ਰੋਕ ਕੇ ਦੇਖਣ ਵਾਲਾ ਸੀ। ਹੇਜ਼ ਵੱਲੋਂ ਜੀਤ ਤੂਤਪਿੰਡੀਆ, ਧਨਵੰਤ ਸਾਫੂਵਾਲੀਆ, ਜਗਦੀਪ ਢੀਮਾਂਵਾਲੀ ਦੀਆਂ ਰੇਡਾਂ ਅਤੇ ਬਾਜਾ ਮੱਲਣ, ਬਗੀਚਾ ਇੰਦਗੜ੍ਹ, ਗੋਰਾ ਮਰੂੜ ਦੇ ਜੱਫਿਆਂ ਦਾ ਆਨੰਦ ਮਾਨਣ ਲਈ ਦਰਸ਼ਕ ਵੀ ਕਾਹਲੇ ਸਨ। ਵੁਲਵਰਹੈਂਪਟਨ ਵੱਲੋਂ 'ਜੰਬੋ' ਦੇ ਨਾਂਅ ਨਾਲ ਚਰਚਿਤ ਦੀਪ ਹਿੰਮਤਪੁਰੀਏ ਦੇ ਜੌਹਰ ਵੀ ਦਰਸ਼ਕਾਂ ਲਈ ਨਵੇਂ ਸਨ। ਮੈਚ ਦੌਰਾਨ ਜਿੱਥੇ ਬਾਜਾ ਮੱਲਣ ਵਰਗਿਆਂ ਨੇ ਘੁੱਗੀ ਨਹੀਂ ਖੰਘਣ ਦਿੱਤੀ ਓਥੇ ਹਿੰਮਤਪੁਰੀਏ ਪ੍ਰਗਟ ਨੇ ਵੀ ਵਿੱਕੀ ਘਨੌਰ, ਧਨਵੰਤ ਤੇ ਜਗਦੀਪ ਨੂੰ ਢਾਹ ਕੇ ਆਪਣੀ ਤੇਜ਼-ਤਰਾਰ ਖੇਡ ਦਾ ਸਬੂਤ ਦਿੱਤਾ। ਪਰ 'ਜੰਬੋ' ਦੇ ਲੱਗੀ ਸੱਟ ਕਾਰਨ ਮੈਚ ਇੱਕਤਰਫਾ ਜਿਹਾ ਹੋ ਗਿਆ ਤੇ ਹੇਜ਼ ਸਿਰ ਜੇਤੂ ਤਾਜ਼ ਟਿਕਿਆ।
ਟਿਲਫੋਰਡ ਅਤੇ ਵੁਲਵਰਹੈਂਪਟਨ-ਟਿਲਫੋਰਡ ਦੀਆਂ ਟੀਮਾਂ ਵੱਲੋਂ ਖੇਡਿਆ ਗਿਆ ਮੈਚ ਉਂਗਲਾਂ ਦੇ ਪੋਟਿਆਂ 'ਤੇ ਗਿਣਨ ਵਾਲਿਆਂ 'ਚੋਂ ਇੱਕ ਸੀ, ਕਿਉਂਕਿ ਜਿੱਥੇ ਟਿਲਫੋਰਡ ਵੱਲੋਂ ਜੀਤੀ ਕੂਨਰ, ਦੀਪੇ ਘੁਰਲੀ ਵਰਗੇ ਨਾਗ ਦੇ ਬੱਚੇ ਖੇਡ ਰਹੇ ਸਨ ਉੱਥੇ ਟਿਲਫੋਰਡ-ਵੁਲਵਰਹੈਂਪਟਨ ਵੱਲੋਂ ਰੇਡਰ 'ਉੱਡਣਾ ਪੰਛੀ' ਗੁੱਗੂ ਹਿੰਮਤਪੁਰੀਆ, ਜੱਸਾ ਸਿੱਧਵਾਂ ਵਾਲਾ, ਜਾਫੀ ਹਰਵਿੰਦਰ ਰੱਬੋਂ, ਕੁਲਜੀਤ ਖਾੜਕੂ ਅਤੇ ਤੱਖੜ ਤਲਵੰਡੀ ਹਕੀਮਾਂ ਵਾਲਾ ਵਰਗੇ ਵੀ ਕਚੀਚੀਆਂ ਵੱਟ ਰਹੇ ਸਨ। ਕਾਂਟੇ ਦੀ ਟੱਕਰ 'ਚੋਂ ਟਿਲਫੋਰਡ- ਵੁਲਵਰਹੈਂਪਟਨ ਦੀ ਟੀਮ ਬਾਜ਼ੀ ਮਾਰ ਗਈ। ਮੈਚ ਦੌਰਾਨ ਰੱਬੋਂ ਦੇ ਜੱਫਿਆਂ ਦੀ ਚਰਚਾ ਰਹੀ।
ਮੇਜ਼ਬਾਨ ਟੀਮ ਡਰਬੀ ਅਤੇ ਮਿੱਡਵੇ ਵਿਚਕਾਰ ਹੋਏ ਮੈਚ ਵਿੱਚੋਂ ਗੁਰਲਾਲ ਜਲਾਲਪੁਰ, ਭੁਰਾ ਬੱਗੇਪਿੰਡੀਆ, ਬੀਤਾ ਖੋਸਾ ਦੀ ਮਿਹਨਤ ਰੰਗ ਲਿਆਈ ਤੇ ਮਿੱਡਵੇ ਦੀ ਝੋਲੀ ਜਿੱਤ ਪਈ। ਸਲੋਹ ਤੇ ਲੇਸਟਰ ਦੇ ਮੁਕਾਬਲੇ 'ਚੋਂ ਸਲੋਹ ਦੀ ਟੀਮ ਚੰਗੇ ਪ੍ਰਦਰਸ਼ਨ ਨਾਲ ਜੇਤੂ ਰਹੀ। ਕਵੈਂਟਰੀ ਤੇ ਈਰਥ ਦੇ ਮੁਕਾਬਲੇ 'ਚੋਂ ਈਰਥ ਦੀ ਟੀਮ ਅਤੇ ਹੇਜ਼ ਮਿੱਡਵੇ ਦੇ ਮੁਕਾਬਲੇ 'ਚੋਂ ਹੇਜ਼ ਫਿਰ ਜੇਤੂ ਰਹੀ। ਗ੍ਰੇਵਜੈਂਡ ਅਤੇ ਟਿਲਫੋਰਡ-ਵੁਲਵਰਹੈਂਪਟਨ ਦੇ ਕੁੰਢੀਆਂ ਦੇ ਸਿੰਗ ਫਸੇ ਤਾਂ ਟਿਲਫੋਰਡ-ਵੁਲਵਰਹੈਂਪਟਨ ਜੇਤੂ ਰਹੀ। ਸੈਮੀਫਾਈਨਲ 'ਚ ਪਹੁੰਚੀਆਂ ਚਾਰ ਟੀਮਾਂ ਦੇ ਮੁਕਾਬਲਿਆਂ ਦੌਰਾਨ ਹੇਜ਼ ਤੇ ਈਰਥ 'ਚੋਂ ਹੇਜ਼ ਅਤੇ ਸਲੋਹ, ਟਿਲਫੋਰਡ-ਵੁਲਵਰਹੈਂਪਟਨ 'ਚੋਂ ਟਿਲਫੋਰਡ-ਵੁਲਵਰਹੈਂਪਟਨ ਜੇਤੂ ਰਹਿ ਕੇ ਫਾਈਨਲ 'ਚ ਪ੍ਰਵੇਸ਼ ਪਾ ਗਏ।
ਜਿਉਂ ਹੀ ਹੇਜ਼ ਅਤੇ ਟਿਲਫੋਰਡ-ਵੁਲਵਰਹੈਂਪਟਨ ਦਾ ਫਾਈਨਲ ਮੁਕਾਬਲਾ ਸ਼ੁਰੂ ਕਰਵਾਉਣ ਲਈ ਕੁਮੈਂਟੇਟਰ ਭਿੰਦਾ ਮੁਠੱਡਾ ਨੇ ਆਵਾਜ਼ ਦਿੱਤੀ ਤਾਂ ਹੇਜ਼ ਵੱਲੋਂ ਕੇਵਲ ਪੁਲਸੀਆ, ਹਰਦੀਪ ਜੰਡੀ, ਪਾਲੀ ਧਾਲੀਵਾਲ, ਬਬਲੀ ਚੜਿੱਕ, ਸਿੱਧੂ ਭਗਤਾ, ਜੀਤਾ ਪੰਜਗਰਾਈਂ ਅਤੇ ਟਿਲਫੋਰਡ ਵੱਲੋਂ ਮੋਹਣਾ ਕਾਲੇਸੰਘਿਆਂ, ਮਹਿੰਦਰ ਮੌੜ, ਬਹਾਦਰ ਸ਼ੇਰਗਿੱਲ, 'ਪੰਜਾਬ ਦੀ ਆਵਾਜ਼' ਦੇ ਸੰਪਾਦਕ ਨਛੱਤਰ ਸਿੰਘ ਥਿਆੜਾ ਨੇ ਜੇਬਾਂ 'ਤੇ ਲੱਗੇ ਬਕਸੂਏ ਖੋਲ੍ਹ ਲਏ। ਜਿਉਂ ਹੀ ਪਹਿਲੀ ਰੇਡ 'ਤੇ ਜੱਸਾ ਸਿੱਧਵਾਂ ਗਿਆ ਤਾਂ ਬਾਜਾ ਮੱਲਣ ਨੇ ਡੇਢ ਅੰਕ ਲੈਣ ਲਈ ਜੱਸੇ ਨੂੰ ਗੋਡਿਆਂ ਹੇਠਾਂ ਧਰ ਲਿਆ। ਓਧਰ ਰੱਬੋਂ ਨੇ ਵੀ ਵਿੱਕੀ ਘਨੌਰ ਨੂੰ ਜੱਫਾ ਮਾਰ ਧਰਿਆ। ਅੰਕਾਂ ਦੀ ਦੌੜ 'ਚ ਟਿਲਫੋਰਡ-ਵੁਲਵਰਹੈਂਪਟਨ ਨੇ ਡਰਬੀ ਮੇਲੇ ਦੀ ਝੰਡੀ ਪੱਟ ਕੇ ਕੱਪ 'ਤੇ ਕਬਜ਼ਾ ਕਰ ਲਿਆ।

No comments:

Post a Comment