ਇੰਗਲੈਂਡ ਕਬੱਡੀ ਕੱਪ 2010- (1)

ਲੰਡਨ ( ਮਨਦੀਪ ਖੁਰਮੀ ਹਿੰਮਤਪੁਰਾ, ਜਗਸੀਰ ਧਾਲੀਵਾਲ ਨੰਗਲ ) ਇੰਗਲੈਂਡ ਕਬੱਡੀ ਫੈਡਰੇਸ਼ਨ (ਯੂ.ਕੇ.) ਰਜ਼ਿ ਵੱਲੋਂ ਸਾਲ 2010 ਦੇ ਇੰਗਲੈਂਡ ਵਿੱਚ ਹੋਣ ਵਾਲੇ ਕਬੱਡੀ ਖੇਡ ਮੇਲਿਆਂ ਦੀ ਲੜੀ ਤਹਿਤ ਪਹਿਲੇ ਟੂਰਨਾਮੈਂਟ ਦਾ ਆਗਾਜ਼ ਹੇਜ਼ ਕਬੱਡੀ ਕਲੱਬ ਦੀ ਦੇਖ ਰੇਖ ਹੇਠ ਹੇਜ਼ ਨੇੜੇ ਕਸਬੇ ਕਰੈਨਫੋਰਡ ਤੋਂ ਕੀਤਾ । ਕਪਾਹ ਦੀਆਂ ਫੁੱਟੀਆਂ ਵਾਂਗ ਖਿੜੀ ਧੁੱਪ ਵਿੱਚ ਵਿਸ਼ਵ ਪ੍ਰਸਿੱਧ ਕੁਮੈਂਟੇਟਰ ਭਿੰਦਾ ਮੁਠੱਡਾ, ਉੱਘੇ ਗੀਤਕਾਰ ਤੇ ਕੁਮੈਂਟੇਟਰ ਸੰਤੋਖ ਸਿੰਘ 'ਸੋਖਾ ਢੇਸੀ' ਦੇ ਬੁਲਾਵਿਆਂ 'ਤੇ ਟੂਰਨਾਮੈਂਟ 'ਚ ਭਾਗ ਲੈਣ ਵਾਲੀਆਂ ਸਮੂਹ ਟੀਮਾਂ ਵੱਲੋਂ ਮਾਰਚ ਪਾਸਟ ਦੇ ਰੂਪ ਵਿੱਚ ਦਰਸ਼ਕਾਂ ਨੂੰ ਜੀ ਆਇਆਂ ਕਿਹਾ। ਆਪਣੇ ਚਹੇਤੇ ਖਿਡਾਰੀਆਂ ਨੂੰ ਨੇੜਿਉਂ ਤੱਕਦਿਆਂ ਪ੍ਰਸੰਸਕਾਂ ਦੇ ਕੈਮਰਿਆਂ ਦੀ 'ਕਲਿਕ- ਕਲਿਕ' ਅਜ਼ਬ ਨਜ਼ਾਰਾ ਬੰਨ੍ਹ ਰਹੀ ਸੀ। ਡੋਪਿੰਗ ਟੈਸਟ 'ਚ ਪਾਜੇਟਿਵ ਆਏ ਖਿਡਾਰੀਆਂ 'ਤੇ ਲੱਗੀ ਦੋ ਸਾਲ ਦੀ ਪਾਬੰਦੀ ਤੋਂ ਬਾਦ ਦਾ ਇਹ ਦੂਸਰੇ ਸਾਲ ਦਾ ਟੂਰਨਾਮੈਂਟ ਸੀ। ਜਿਸ ਕਰਕੇ ਖੇਡ ਪ੍ਰੇਮੀਆਂ ਵਿੱਚ ਪਾਬੰਦੀਸ਼ੁਦਾ ਖਿਡਾਰੀਆਂ ਦੀ ਪਾਬੰਦੀ ਖਤਮ ਹੋਣ ਤੋਂ ਬਾਦ ਉਹਨਾਂ ਦੀ ਖੇਡ ਦੇ ਦੁਬਾਰੇ 'ਜੁਰਕੇ' ਦੇਖਣ ਦੀ ਉਤਸੁਕਤਾ ਕਾਰਨ ਇਹ ਪਹਿਲਾ ਖੇਡ ਮੇਲਾ ਉਮੀਦ ਨਾਲੋਂ ਵੀ ਵਧੇਰੇ ਇਕੱਠ ਕਰਨ ਵਿੱਚ ਸਫ਼ਲ ਹੋਇਆ।
ਟੂਰਨਾਮੈਂਟ ਦਾ ਪਹਿਲਾ ਮੈਚ 'ਮਿੱਡਵੇ' ਅਤੇ 'ਕਵੈਂਟਰੀ' ਕਲੱਬਾਂ ਵਿਚਕਾਰ ਹੋਇਆ। ਮਿੱਡਵੇ ਦੇ ਖਿਡਾਰੀ ਚਿੱਟੀਆਂ ਨਿੱਕਰਾਂ ਅਤੇ ਕਵੈਂਟਰੀ ਵਾਲੇ ਨੀਲੀਆਂ ਨਿੱਕਰਾਂ ਪਾ ਕੇ ਮੈਚ ਖੇਡਣ ਆਏ ਇਉਂ ਲੱਗ ਰਹੇ ਸਨ ਜਿਵੇਂ ਨੀਲੀਆਂ ਪੱਗਾਂ ਵਾਲੇ ਅਕਾਲੀ ਤੇ ਚਿੱਟੀਆਂ ਪੱਗਾਂ ਵਾਲੇ ਕਾਗਰਸੀ ਅਖਬਾਰੀ ਬਿਆਨਬਾਜੀ ਦੀ ਬਜਾਏ ਮੈਚ ਖੇਡਣ ਉੱਤਰ ਆਏ ਹੋਣ। ਮਿੱਡਵੇ ਦੀ ਟੀਮ ਵੱਲੋਂ ਜਾਫੀਆਂ ਦੀ ਕਤਾਰ 'ਚ ਅਰਸਾਲ ਸੈਦੋ, ਯਾਦਵਿੰਦਰ ਨਵਾਜੀਪੁਰ, ਰਛਪਾਲ ਤਲਵੰਡੀ ਸਲੇਮ, ਸਾਬੀ ਮਹੇਮਾਂ, ਰਛਪਾਲ ਪੰਡੋਰੀ ਵਰਗੇ ਕਵੈਂਟਰੀ ਦੇ ਰੇਡਰਾਂ ਨੂੰ ਢਾਹੁਣ ਲਈ ਮੁੱਠੀਆਂ 'ਚ ਥੁੱਕੀ ਖੜ੍ਹੇ ਸਨ। ਦੂਸਰੇ ਪਾਸੇ ਕਵੈਂਟਰੀ ਵੱਲੋਂ ਧਾਵੀ ਮਨਿੰਦਰ ਸਰਾਂ ਨੂਰਪੁਰ ਬੇਦੀ, ਗਾਲਾ ਬਹੂਆ, ਗੀਤਾ ਬਹੂਆ ਵੀ ਅੱਖਾਂ ਅੱਖਾਂ ਰਾਹੀਂ ਮਿੱਡਵੇ ਵਾਲਿਆਂ ਦੀ ਤਾਕਤ ਦਾ ਅੰਦਾਜ਼ਾ ਲਾ ਰਹੇ ਸਨ ਕਿ ਪੁਆਇੰਟਾਂ ਲਈ ਕਿਸ 'ਬੋਰੀ' ਦੇ ਮੂੰਹ ਨੂੰ ਬੰਨ੍ਹਿਆ ਸੇਬਾ ਖੋਲ੍ਹਿਆ ਜਾਵੇ। ਓਧਰ ਮਿੱਡਵੇ ਦੇ ਧਾਵੀ ਗੁਰਲਾਲ ਜਲਾਲਪੁਰ, ਭੂਰਾ ਬੱਗੇਪਿੰਡੀਆ, ਭਾਲਾ ਅੰਬਰਸਰੀਆ, ਬੀਤਾ ਖੋਸਾ ਪਹਿਲੇ ਮੈਚ ਨੂੰ ਆਪਣੇ ਨਾਂਅ ਕਰਵਾਉਣ ਲਈ ਆਤੁਰ ਨਜ਼ਰ ਆ ਰਹੇ ਸਨ ਪਰ ਕਵੈਂਟਰੀ ਦੇ ਜਾਫੀ ਗੁਰਮੁਖ, ਬਬਲੂ ਰੁਪੋਵਾਲ, ਭਿੰਦਾ ਦੀਨੇਵਾਲ, ਗੁਰਦੀਪ ਲੱਖੀਪੁਰ ਵੀ ਪੰਜੀ ਦਾ ਭੋਣ ਦਿਖਾਉਣ ਦੇ ਰੌਂਅ 'ਚ ਸਨ। ਕੁਮੈਂਟੇਟਰ ਭਿੰਦੇ ਮੁਠੱਡੇ ਦੀ ਸੈਨਤ ਤੇ ਰੈਫਰੀ ਦੀ ਸੀਟੀ ਵੱਜਣ ਦੀ ਦੇਰ ਸੀ ਕਿ ਸਿੰਧ ਦੀ ਘੋੜੀ ਵਾਂਗ ਮਨਿੰਦਰ ਸਰਾਂ ਪਹਿਲੇ ਧਾਵੇ ਤੇ ਗਿਆ ਤੇ ਅਰਸਾਲ ਸੈਦੋ ਨਾਲ ਦੋ ਹੱਥ ਕਰਦਾ ਹੋਇਆ ਕਵੈਂਟਰੀ ਲਈ ਡੇਢ ਅੰਕ ਤੋਹਫੇ ਦੇ ਰੂਪ 'ਚ ਲੈ ਕੇ ਆਇਆ। ਕਵੈਂਟਰੀ ਵੱਲੋਂ ਮਨਿੰਦਰ, ਗਾਲੇ ਤੇ ਗੀਤੇ ਦੀਆਂ ਰੇਡਾਂ ਮਿੱਡਵੇ ਤੋਂ ਮੈਚ ਨਾ ਜਿਤਾ ਸਕੀਆਂ ਜਦੋਂਕਿ ਭਾਲੇ, ਗੁਰਲਾਲ ਵਰਗਿਆਂ ਦੀਆਂ ਝਕਾਨੀਆਂ ਤੇ ਜਾਫੀਆਂ ਦੇ ਡੋਲਿਆਂ ਦੇ ਸਿਰ 'ਤੇ ਮਿੱਡਵੇ ਦੀ ਟੀਮ 42,5- 42 ਦੇ ਮੁਕਾਬਲੇ ਅੱਧੇ ਅੰਕ ਨਾਲ ਜੇਤੂ ਰਹੀ।
ਬੇਸ਼ੱਕ ਪਹਿਲਾ ਮੈਚ ਓਨਾ ਗਰਮ ਨਹੀਂ ਸੀ ਦਿਖ ਰਿਹਾ ਪਰ ਰਹਿੰਦੀ ਕਸਰ ਟਿਲਫੋਰਡ ਤੇ ਗਰੇਵਜੈਂਡ ਦੀਆਂ ਟੀਮਾਂ ਨੇ ਕੱਢ ਦਿੱਤੀ। ਕਿਉਂਕਿ ਪਹਿਲੇ ਮੈਚ ਦੇ ਜਿਆਦਾਤਰ ਖਿਡਾਰੀ ਨਵੇਂ ਹੋਣ ਕਰਕੇ ਦਰਸ਼ਕ ਵੀ ਸਥਾਪਤ ਖਿਡਾਰੀਆਂ ਨੂੰ ਉਡੀਕ ਰਹੇ ਸਨ। ਜਿਉਂ ਹੀ ਗ੍ਰੇਵਜੈਂਡ ਦੀ ਟੀਮ ਵੱਲੋਂ ਇੰਗਲੈਂਡ ਦੀਆਂ ਗਰਾਊਂਡਾਂ 'ਚ 'ਉੱਡਣੇ ਪੰਛੀ' ਵਜੋਂ ਜਾਣੇ ਜਾਂਦੇ ਗੁੱਗੂ ਹਿੰਮਤਪੁਰੀਏ, ਬਿਜਲੀ ਦੇ ਕਰੰਟ ਵਰਗੀ ਫੁਰਤੀ ਦੇ ਮਾਲਕ ਹਰਵਿੰਦਰ ਰੱਬੋਂ, ਕੁਲਜੀਤੇ ਖਾੜਕੂ ਵਰਗਿਆਂ ਦੇ ਨਾਂਅ ਬੋਲੇ ਗਏ ਤਾਂ ਲੋਕਾਂ ਦੇ ਕੰਨ ਖੜ੍ਹੇ ਹੋ ਗਏ। ਕੁੰਢੀਆਂ ਦੇ ਸਿੰਗ ਫਸਣ ਵਰਗੇ ਹਾਲਾਤ ਦਰਸਾਉਂਦੇ ਇਸ ਮੈਚ ਵਿੱਚ ਜਿੱਥੇ ਟਿਲਫੋਰਡ ਵੱਲੋਂ ਗੁੱਗੂ ਹਿੰਮਤਪੁਰੀਏ, ਜੱਸੇ ਸਿੱਧਵਾਂ ਵਾਲੇ ਦੀਆਂ ਫੁਰਤੀਲੀਆਂ ਰੇਡਾਂ ਤੇ ਹਰਵਿੰਦਰ ਰੱਬੋਂ, ਕੁਲਜੀਤੇ ਖਾੜਕੂ ਦੇ ਅਮੁੱਲੇ ਜੱਫਿਆਂ ਨੇ ਲੋਕਾਂ ਨੂੰ ਪੱਬਾਂ ਭਾਰ ਹੋਣ ਲਈ ਮਜ਼ਬੂਰ ਕੀਤਾ ਓਥੇ ਗ੍ਰੇਵਜੈਂਡ ਵੱਲੋਂ ਰੇਡਰ ਬੱਬੂ ਲਸਾੜਾ, ਹੈਪੀ ਚਮਿਆਰਾ ਵੀ ਵਾਹ ਵਾਹ ਖੱਟਣ 'ਚ ਸਫ਼ਲ ਰਹੇ। ਜਾਫੀ ਅਮਨ ਜੌਹਲ, ਮਨੀ ਵਰਗੇ ਵੀ ਟੁੱਟ ਟੁੱਟ ਕੇ ਪੈ ਰਹੇ ਸਨ। ਜੱਸੇ ਸਿੱਧਵਾਂ ਵਾਲੇ ਦੇ ਸੱਟ ਲੱਗਣ ਕਾਰਨ ਟਿਲਫੋਰਡ ਦੀ ਟੀਮ ਮੈਚ ਛੱਡ ਗਈ ਜਿਸ ਕਾਰਨ ਗਰੇਵਜੈਂਡ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ।
ਮੌਸਮ ਦੀ ਬੇਈਮਾਨੀ ਕਾਰਨ ਨਿੰਮੀ ਨਿੰਮੀ ਪੈਂਦੀ ਭੁਰ 'ਚ ਈਰਥ ਤੇ ਲੈਸਟਰ ਦੀਆਂ ਟੀਮਾ ਵਿਚਕਾਰ ਵੀ ਸਾਨ੍ਹਾਂ ਦੇ ਭੇੜ ਵਰਗਾ ਮੈਚ ਹੋਇਆ। ਜਿਸ ਵਿੱਚ ਈਰਥ ਦੀ ਟੀਮ ਬਾਜੀ ਮਾਰ ਗਈ। ਚੌਥਾ ਮੈਚ ਸਿੱਖ ਟੈਂਪਲ ਯੁਨਾਈਟਡ ਕਲੱਬ ਵੁਲਵਰਹੈਂਪਟਨ ਤੇ ਸਲੌਹ ਦੀਆਂ ਟੀਮਾਂ ਵਿਚਕਾਰ ਹੋਇਆ। ਵੁਲਵਰਹੈਂਪਟਨ ਵੱਲੋਂ ਰੇਡਰਾਂ ਵਜੋਂ ਕੈਨੇਡਾ ਕਬੱਡੀ ਕੱਪ ਵਿੱਚ ਆਪਣੀ ਧੱਕੜ ਖੇਡ ਸਦਕਾ 'ਜੰਬੋ' ਦਾ ਖਿਤਾਬ ਹਾਸਲ ਕਰਨ ਵਾਲਾ ਦੀਪ ਹਿੰਮਤਪੁਰੀਆ, ਸੁਖਮਨ ਚੋਹਲਾ ਸਾਹਿਬ, ਸੱਬਾ ਗੁਰਦਾਸਪੁਰੀਆ ਅਤੇ ਜਾਫੀਆਂ ਵਜੋਂ ਬਲਕਾਰਾ ਸ਼ਿਕਾਰ ਮਾਛੀਆਂ, ਪਿੰਦੂ ਮਾਹਜੂ ਔਲਖ, ਸਟਾਰ ਜਾਫੀ ਵਜੋਂ ਜਾਣਿਆ ਜਾਂਦਾ ਪਰਗਟ ਹਿੰਮਤਪੁਰੀਆ ਅਤੇ ਲਾਡੀ ਔਲਖ ਕਲਿੰਗੜੀ ਪਾਈ ਖੜ੍ਹੇ ਸਨ। ਜਦੋਂਕਿ ਸਲੌਹ ਵੱਲੋਂ ਭਿੰਦਾ ਨਵਾਜੀਪੁਰੀਆ, ਕਾਲੂ ਕਾਲਾ ਸੰਘਿਆਂ, ਪਿੰਦੂ ਸਰਹਾਲੀ ਰੇਡਰ ਅਤੇ ਸੰਦੀਪ ਨੰਗਲ ਅੰਬੀਆਂ, ਤੂਤ ਦੀ ਲਗਰ ਵਰਗਾ ਛੈਲ ਜੁਆਨ ਮੋਹਣ ਰੁੜਕੀ, ਗੋਗੋ ਰੁੜਕੀ, ਰਮਨ ਰੁੜਕਾ ਆਦਿ ਜੰਬੋ ਵਰਗਿਆਂ ਨੂੰ ਭੱਬੂਤਾਰੇ ਦਿਖਾਉਣ ਲਈ ਤਿਆਰ ਖੜ੍ਹੇ ਸਨ। ਜਿੱਥੇ ਇਸ ਮੈਚ ਦੌਰਾਨ ਹਿੰਮਤਪੁਰੀਏ ਦੀਪ ਦੀ ਖੇਡ ਦੀ ਚਰਚਾ ਹੋਈ ਉੱਥੇ ਮੋਹਣ ਰੁੜਕੀ ਦੇ ਜੱਫਿਆਂ ਦੀ ਵੀ ਦਾਦ ਦੇਣੀ ਬਣਦੀ ਹੈ। ਕਾਂਟੇ ਦੀ ਟੱਕਰ 'ਚ ਸਲੌਹ ਦੀ ਟੀਮ 45-42 ਦੇ ਫਰਕ ਨਾਲ ਜਿੱਤ ਆਪਣੀ ਝੋਲੀ ਪੁਆ ਗਈ। ਮੇਜ਼ਬਾਨ ਕਲੱਬ ਹੇਜ਼ ਦੇ ਖਿਡਾਰੀ ਨਾ ਪਹੁੰਚਣ ਕਾਰਨ ਹਾਜ਼ਰੀ ਵਜੋਂ ਹੇਜ਼ ਦੇ ਬਾਸ਼ਿੰਦੇ ਖਿਡਾਰੀਆਂ ਅਤੇ ਗ੍ਰੇਵਜੈਂਡ ਦੀ ਟੀਮ ਦਾ ਸ਼ੋਅ ਮੈਚ ਕਰਵਾਇਆ ਗਿਆ ਜਿਸ ਵਿੱਚ ਰੇਡਰ ਪਾਲਾ ਚੰਨਣਵਾਲੀਆ ਤੇ ਟੋਚੀ ਨੱਥੋਵਾਲ ਚੰਗਾ ਪ੍ਰਦਰਸ਼ਨ ਕਰ ਗਏ। ਸੈਮੀਫਾਈਨਲ ਮੈਚਾ ਵਿੱਚ ਪਹੁੰਚੀਆਂ ਚਾਰ ਟੀਮਾ 'ਚੋਂ ਗ੍ਰੇਵਜੈਂਡ ਨੇ ਮਿੱਡਵੇ ਨੂੰ ਹਰਾਇਆ ਤੇ ਸਲੌਹ ਨੇ ਈਰਥ ਨੂੰ।
ਫਾਈਨਲ ਮੈਚ ਦੀ ਉਤਸੁਕਤਾ ਨੂੰ ਬਰਕਰਾਰ ਰੱਖਦਿਆਂ ਇੰਗਲੈਂਡ ਦੇ ਜੰਮਪਲ ਬੱਚਿਆਂ ਨੂੰ ਆਪਣੀ ਮਾਂ ਖੇਡ ਕਬੱਡੀ ਨਾਲ ਜੋੜਨ ਦੇ ਉਪਰਾਲੇ ਵਜੋਂ ਦੋਸਤਾਨਾ ਮੈਚ ਕਰਵਾਇਆ ਗਿਆ। ਜਿਉਂ ਹੀ ਸਲੌਹ ਤੇ ਗ੍ਰੇਵਜੈਂਡ ਦਾ ਫਾਈਨਲ ਮੈਚ ਸ਼ੁਰੂ ਹੋਇਆ ਤਾਂ ਇੰਗਲੈਂਡ ਦਾ 'ਇੰਦਰ ਦੇਵਤਾ' ਵੀ ਕਾਫੀ 'ਹੈਪੀ ਮੂਡ' 'ਚ ਹੋ ਗਿਆ। ਖਿਡਾਰੀ ਵੀ ਐਨੇ ਮਸਤ ਸਨ ਕਿ ਮੋਹਲੇਧਾਰ ਮੀਂਹ ਵੀ ਕੈਂਚੀਆਂ-ਧੌਲਾਂ ਦੇ ਰਾਹ 'ਚ ਰੁਕਾਵਟ ਨਾ ਬਣ ਸਕਿਆ। ਦਰਸ਼ਕ ਬੈਠਣ ਲਈ ਡਾਹੀਆਂ ਕੁਰਸੀਆਂ ਨੂੰ ਸਿਰਾਂ 'ਤੇ ਰੱਖ ਕੇ, ਮੇਜਾਂ ਹੇਠਾਂ ਵੜ ਕੇ ਵੀ ਮੈਚ ਦਾ ਆਨੰਦ ਮਾਣਦੇ ਰਹੇ। ਅੰਤ ਗ੍ਰੇਵਜੈਂਡ ਦੀ ਟੀਮ ਇਸ ਵਰ੍ਹੇ ਦੇ ਪਹਿਲੇ ਟੂਰਨਾਮੈਂਟ ਦੀ ਝੰਡੀ ਪੱਟਣ 'ਚ ਕਾਮਯਾਬ ਰਹੀ। ਇਸ ਅੰਤਲੇ ਮੈਚ ਦੌਰਾਨ ਮੋਹਣ ਰੁੜਕੀ, ਅਮਨ ਜੌਹਲ, ਸੰਦੀਪ ਨੰਗਲ ਅੰਬੀਆਂ, ਬੱਬੂ ਲਸਾੜਾ, ਕਾਲੂ ਕਾਲਾਸੰਘਿਆਂ ਦੀ ਖੇਡ ਬਾਕਮਾਲ ਕਹੀ ਜਾ ਸਕਦੀ ਹੈ। ਪ੍ਰਬੰਧਕਾਂ ਵੱਲੋਂ ਖੇਡ ਮੈਦਾਨ ਅੰਦਰ ਨਸ਼ੇ ਦੀ ਪਾਬੰਦੀ ਸੀ। ਸਕਿਉਰਟੀ ਵਾਲੇ ਗੱਡੀਆਂ ਚੈੱਕ ਵੀ ਕਰ ਰਹੇ ਸਨ ਪਰ ਮੈਦਾਨ ਅੰਦਰ ਗੱਡੀਆਂ ਦੀਆਂ ਡਿੱਗੀਆਂ 'ਚ ਖੁੱਲੇ 'ਡੱਟ' ਸਕਿਉਰਟੀ ਪ੍ਰਬੰਧਾਂ 'ਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਰਹੇ ਸਨ। ਪੁਖਤਾ ਪ੍ਰਬੰਧਾਂ ਦੇ ਬਾਵਜੂਦ ਵੀ ਸਾਡੇ ਪੰਜਾਬੀ ਭਾਈ ਮਸਤ ਬੋਤਿਆਂ ਵਾਂਗ ਬੁੱਕਦੇ ਨਜ਼ਰ ਆ ਰਹੇ ਸਨ। ਪਰ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਹੀ ਰਿਹਾ।

No comments:

Post a Comment