ਹੁਣ 'ਬੱਲ' ਤੇ 'ਮੱਲ' ਪਏ ਨਹੀਂ ਸਗੋਂ ਟੀਕਿਆਂ ਨਾਲ ਵਧਦੇ ਨੇ।

ਮਨਦੀਪ ਖੁਰਮੀ ਹਿੰਮਤਪੁਰਾ
ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਹੋਣ ਦਾ ਮਾਣ ਪ੍ਰਾਪਤ ਹੈ। ਇਹ ਗੱਲ ਵੀ ਜਗ ਜਾਹਿਰ ਹੈ ਕਿ ਮਾਂ ਆਪਣੇ ਪੁੱਤਰਾਂ ਦਾ ਕਦੇ ਬੁਰਾ ਨਹੀਂ ਲੋੜਦੀ ਬੇਸ਼ੱਕ ਪੁੱਤ ਭਾਵੇਂ ਕਪੁੱਤ ਹੋ ਜਾਣ। ਮਾਂ ਖੇਡ ਬਦੌਲਤ ਹੀ ਅੱਜ ਲੱਖਾਂ ਪੁੱਤ ਹਿੱਕ ਦੇ ਮਣਾਂ ਮੂੰਹੀਂ ਜ਼ੋਰ ਸਦਕਾ ਵਿਦੇਸ਼ਾਂ ਦੀ ਧਰਤੀ ਤੇ ਵੀ ਸਥਾਪਤੀ ਦਾ ਝੰਡਾ ਗੱਡੀ ਬੈਠੇ ਹਨ। ਇਹ ਵੀ ਵਿਸ਼ਵ ਪ੍ਰਸਿੱਧ ਸੱਚਾਈ ਹੋ ਨਿੱਬੜੀ ਹੈ ਕਿ ਮਾਂ ਖੇਡ ਨੇ ਆਪਣੇ ਪੁੱਤਰਾਂ ਨੂੰ ਬੁੱਕ ਭਰ ਭਰ ਮਾਣ ਹੀ ਨਹੀਂ ਦਿੱਤਾ ਸਗੋਂ 'ਮਨੀ' (ਪੈਸੇ) ਨਾਲ ਵੀ ਮਾਲਾਮਾਲ ਕੀਤਾ ਹੈ। ਕ੍ਰਿਕਟ ਤੋਂ ਬਾਦ ਅੱਜ ਕਬੱਡੀ ਹੀ ਅਜਿਹੀ ਖੇਡ ਮੰਨੀ ਜਾ ਰਹੀ ਹੈ ਜਿਸ ਜਰੀਏ ਖਿਡਾਰੀ ਆਪਣੀ ਮਿਹਨਤ ਦਾ ਸਹੀ ਮੁੱਲ ਪੁਆ ਸਕਦਾ ਹੈ।
ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮਾਂ ਖੇਡ ਦੇ ਸ਼ੁਕਰਗੁਜਾਰ ਹੋਣ ਦੀ ਬਜਾਏ ਬੀਬੇ ਪੁੱਤ ਪਿਛਲੇ ਕੁਝ ਸਾਲਾਂ ਤੋਂ 'ਸ਼ਾਰਟ ਕੱਟ' ਰਾਹੀਂ ਸ਼ੁਹਰਤ ਖੱਟਣ ਦੇ ਚਾਅ 'ਚ ਆਪਣੀ ਜ਼ਿੰਦਗੀ ਨਾਲ ਤਾਂ ਖਿਲਵਾੜ ਕਰ ਹੀ ਰਹੇ ਹਨ ਉਥੇ ਆਪਣੇ ਜੰਮਣਦਾਤਿਆਂ ਅਤੇ ਮਾਂ ਖੇਡ ਦੀ ਸੰਭਾਵਿਤ ਲੰਮੇਰੀ ਜ਼ਿੰਦਗੀ ਦੇ ਰਾਹ ਵਿੱਚ ਸੂਲਾਂ ਨਹੀਂ ਬਲਕਿ ਸਥਾਈ ਤੌਰ ਤੇ "ਟੋਪੀ ਵਾਲੇ ਕਿੱਲ" ਗੱਡ ਰਹੇ ਹਨ। ਪਿਛਲੇ ਕੁਝ ਸਾਲਾਂ ਤੋਂ ਜੋ ਅਮਲ ਦੇਖਣ ਨੂੰ ਮਿਲ ਰਿਹਾ ਹੈ ਉਹ ਤੰਦਰੁਸਤ ਜੀਵਨ ਤੋਂ ਮੌਤ ਦੀ ਰਾਹ ਵੱਲ ਦਾ ਸਫ਼ਰ ਤਾਂ ਹੈ ਹੀ ਉੱਥੇ ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ ਅਤੇ ਸੁਹਾਗਣਾਂ ਦੇ ਸੁਹਾਗ ਉਜਾੜਨ ਵਾਲਾ ਵੀ ਜਰੂਰ ਹੈ।
ਭੁਮਿਕਾ ਵਜੋਂ ਇੰਨਾ ਕੁ ਕੁਝ ਲਿਖਣਾ ਇਹ ਦੱਸਣਾ ਹੈ ਕਿ ਅੱਜ ਮੱਲ ਤੇ ਬੱਲ (ਵੇਲ) ਪਏ ਨਹੀਂ ਵਧਦੇ ਸਗੋਂ ਦੋਹਾਂ ਨੂੰ ਟੀਕਿਆਂ ਦਾ ਸਹਾਰਾ ਲੈਣਾ ਜਾਂ ਦੇਣਾ ਪੈ ਰਿਹਾ ਹੈ। ਮਾਂ ਖੇਡ ਕਬੱਡੀ ਵਿੱਚ ਸ਼ਕਤੀਵਰਧਕ (ਜਾਨਵਰਾਂ ਵਾਲੇ) ਟੀਕਿਆਂ ਦਾ ਪ੍ਰਯੋਗ ਹੋਣ ਦੇ ਮਾਰੂ ਰੁਝਾਨ ਨੇ ਕਬੱਡੀ ਨੂੰ ਉਲੰਪਿਕ ਦੇ ਹਾਣ ਦਾ ਦੇਖਣ ਦੇ ਚਾਹਵਾਨਾਂ, ਚਿੰਤਕਾਂ, ਹਾਮੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਟੀਕਾ-ਕਲਚਰ ਨੇ ਜਿੱਥੇ ਉੱਚ ਪੱਧਰ ਤੱਕ ਆਪਣਾ ਪ੍ਰਭਾਵ ਪਾਇਆ ਹੋਇਆ ਹੈ ਉੱਥੇ ਪਿੰਡਾਂ ਦੇ ਖੇਡ ਮੈਦਾਨਾਂ ਵਿੱਚ ਵੀ ਬੁਰੀ ਤਰਾਂ ਪੈਰ ਪਸਾਰ ਲਏ ਹਨ। ਟੀਕਿਆਂ ਦੇ ਸਹਾਰੇ ਸੱਤ ਸਮੁੰਦਰ ਪਾਰ ਜਾਣ ਦੀ ਤਮੰਨਾ ਘੁੱਗ ਵਸਦਿਆਂ ਨੂੰ ਇੱਕ ਦਿਨ ਮਰਿਆਂ ਤੋਂ ਵੀ ਬਦਤਰ ਕਰ ਦੇਵੇਗੀ ਸ਼ਾਇਦ ਅੱਜ ਕਿਸੇ ਖਿਡਾਰੀ ਦੇ ਚਿੱਤ ਚੇਤੇ ਵੀ ਨਾ ਹੋਵੇ ਪਰ ਇਹ ਤਲਖ ਹਕੀਕਤ ਹੈ ਕਿ ਦੁਆਬੇ ਦੇ ਇੱਕ ਸ਼ਹਿਰ 'ਚੋਂ ਤਾਕਤ ਲੈਣ ਦੇ ਚਾਹਵਾਨ ਖਿਡਾਰੀਆਂ ਨੂੰ ਜੋ ਟੀਕੇ ਸ਼ੀਸ਼ੀਆਂ ਦੇ ਲੇਬਲ ਉਤਾਰ ਕੇ ਸਪਲਾਈ ਹੁੰਦੇ ਹਨ ਉਹ ਅਸਲ ਵਿੱਚ ਜਾਨਵਰਾਂ ਦੇ ਲਗਾਉਣ ਲਈ ਵਰਤੇ ਜਾਂਦੇ ਹਨ। ਬੇਸ਼ੱਕ ਡਰੱਗਜ ਲੈ ਕੇ ਖੇਡਣ ਦਾ ਅਮਲ ਪਹਿਲਾਂ ਵੱਖ-ਵੱਖ ਦੇਸ਼ਾਂ ਦੀਆਂ ਕਬੱਡੀ ਫੈਡਰੇਸ਼ਨਾਂ ਦੇ ਧਿਆਨ 'ਚ ਹੋਵੇ ਜਾਂ ਨਾ ਪਰ ਇੰਗਲੈਂਡ ਕਬੱਡੀ ਫੈਡਰੇਸ਼ਨ ਅਤੇ ਹੋਰ ਕਲੱਬਾਂ ਵੱਲੋਂ ਇੰਗਲੈਂਡ ਬੁਲਾਏ ਜਾਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਲੈਣ ਦਾ ਫੈਸਲਾ ਕੀਤਾ ਹੈ। ਹਾਲ ਦੀ ਘੜੀ ਇਸ ਫੈਸਲੇ ਨੂੰ ਕਬੱਡੀ ਦੇ ਹੱਕ ਵਿੱਚ ਪਹਿਲਾ ਹਾਅ ਦਾ ਨਾਅਰਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਪਰ ਅਸਲ ਵਿੱਚ ਊਠ ਕਿਸ ਕਰਵਟ ਬੈਠਦਾ ਹੈ ਸਮਾਂ ਆਉਣ ਤੇ ਹੀ ਪਤਾ ਚੱਲੇਗਾ।
ਖਿਡਾਰੀਆਂ ਵੱਲੋਂ ਲਗਾਏ ਜਾਂਦੇ ਟੀਕਿਆਂ ਬਾਰੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਟੀਕਾ ਲੱਗਣ ਤੋਂ ਬਾਦ ਵਿਅਕਤੀ ਦਾ ਸਰੀਰ ਇਕਦਮ ਜ਼ੋਸ਼ ਨਾਲ ਪ੍ਰਫੁੱਲ ਹੋ ਜਾਂਦਾ ਹੈ, ਲਹੂ ਉਬਾਲੇ ਮਾਰਨ ਲਗਦਾ ਹੈ। ਖੇਡਦੇ ਸਮੇਂ ਖਿਡਾਰੀ ਨਹੀਂ ਸਗੋਂ ਟੀਕਾ ਹੀ 'ਰੇਡ' ਪਾਉਂਦਾ ਹੈ ਅਤੇ ਟੀਕਾ ਹੀ 'ਜਾਫ' ਕਰਦਾ ਹੈ। ਇਸੇ ਕਰਕੇ ਹੀ ਖਿਡਾਰੀ ਵੀਰ ਇਸ ਸ਼ਾਰਟ ਕੱਟ ਖੁਰਾਕ ਨੂੰ ਪਹਿਲ ਦੇਣ ਲੱਗੇ ਹਨ। ਪਰ ਕੰਧ ਉੱਪਰ ਸਾਫ ਲਿਖਿਆ ਸੱਚ ਇਹ ਹੈ ਕਿ ਉਕਤ 'ਖੁਰਾਕ' ਦਾ ਸਿੱਧਾ ਅਸਰ ਦਿਲ, ਦਿਮਾਗ, ਗੁਰਦਿਆਂ ਅਤੇ ਮਰਦਾਨਾ ਸ਼ਕਤੀ ਉੱਪਰ ਪੈਂਦਾ ਹੈ। ਜੇਕਰ ਪੰਜਾਬ ਦੀ ਜਵਾਨੀ ਇਸੇ ਤਰ੍ਹਾਂ ਹੀ ਮੌਤ ਨੂੰ ਮਾਸੀ ਕਹਿੰਦੀ ਰਹੀ ਤਾਂ ਸੁਭਾਵਿਕ ਹੈ ਕਿ ਖਿਡਾਰੀ ਵੀਰਾਂ ਦੀਆਂ ਮਾਵਾਂ ਪੁੱਤਰਾਂ ਨੂੰ ਤਰਸਣਗੀਆਂ, ਰੱਖੜੀ ਵਾਲੇ ਦਿਨ ਭੈਣਾਂ ਲੁਕ ਲੁਕ ਰੋਇਆ ਕਰਨਗੀਆਂ। ਜੇਕਰ ਟੀਕੇ ਟੱਪੇ ਦੀ ਖੇਡ ਇਸੇ ਤਰ੍ਹਾਂ ਹੀ ਬੇਰੋਕ ਚਲਦੀ ਰਹੀ ਤਾਂ ਮਾਵਾਂ ਨਾਮਰਦ ਹੋਏ ਪੁੱਤਰਾਂ ਦੇ ਵਿਹੜਿਆਂ 'ਚ ਬੈਠੀਆਂ ਜਿਉਂਦੇ ਜੀਅ ਪੋਤਰੇ-ਪੋਤਰੀਆਂ ਖਿਡਾਉਣ ਜੀ ਰੀਝ ਦਫਨ ਕਰ ਲੈਣਗੀਆਂ। ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਮਾਪਿਆਂ ਦੇ ਖੁਆਏ ਘਿਉ ਦੇ ਜ਼ੋਰ ਨਾਲ ਖੇਡਕੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਤੱਕਿਆ ਜਾ ਰਿਹਾ ਹੈ। ਸੋ ਖਿਡਾਰੀ ਵੀਰਾਂ ਨੂੰ ਅਰਜ ਹੈ ਕਿ ਆਪਣੀ ਸਿਹਤ ਦੇ ਨਾਲ-ਨਾਲ ਮਾਂ ਖੇਡ ਅਤੇ ਆਪਣੇ ਮਾਪਿਆਂ ਦੇ ਸੰਜੋਏ ਸੁਪਨਿਆਂ ਨਾਲ ਖਿਲਵਾੜ ਨਾ ਕਰੋ। ਕਬੱਡੀ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਖੇਡ ਅਕੈਡਮੀਆਂ, ਫੈਡਰੇਸ਼ਨਾਂ ਆਦਿ ਦੇ ਸੰਚਾਲਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਜਿੰਦਗੀ ਦੇ ਸਵਾਲ ਨਾਲ ਜੁੜੇ ਮੁੱਦੇ ਉੱਪਰ ਆਪਣੀ ਚੁੱਪੀ ਤੋੜਦੇ ਹੋਏ ਫੋਕੀ ਬੱਲੇ ਬੱਲੇ ਲਈ ਮੌਤ ਦੀ ਰਾਹ ਤੁਰੇ ਰਾਹੀਆਂ ਨੂੰ ਵਾਪਸ ਮੋੜਨ ਲਈ ਸੁਹਿਰਦ ਯਤਨ ਕਰਨ ਤਾਂ ਹੀ ਪੰਜਾਬ ਦੀ ਜਵਾਨੀ ਅਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਲੀਰੋ-ਲੀਰ ਹੁੰਦੀ ਜਾ ਰਹੀ ਪੱਤ ਨੂੰ ਬਚਾਇਆ ਜਾ ਸਕਦਾ ਹੈ।

No comments:

Post a Comment