ਹੇਜ਼ ਦੀ ਟੀਮ ਰਹੀ ਉਪ ਜੇਤੂ, ਗੁਰਲਾਲ ਘਨੌਰ ਬੈਸਟ ਧਾਵੀ ਤੇ ਪਾਲਾ ਜਲਾਲਪੁਰ ਬੈਸਟ ਜਾਫੀ ਰਿਹਾ।
(ਪਰਮਜੀਤ ਸਿੰਘ ਬਾਗੜੀਆਂ ਦੀ ਵਿਸ਼ੇਸ਼ ਰਿਪੋਰਟ)
ਇੰਗਲੈਂਡ ਕਬੱਡੀ ਫੈਡਰੇਸ਼ਨ ਯੂ.ਕੇ. ਦੀ ਸਰਪ੍ਰਸਤੀ ਹੇਠ ਸਾਲ 2011 ਦਾ ਕਬੱਡੀ ਸੀਜ਼ਨ ਹੇਜ਼ ਦੇ ਕਬੱਡੀ ਕੱਪ ਤੋਂ ਸ਼ੁਰੂ ਹੋਇਆ। ਇਸ ਸਾਲ ਨਵੇਂ ਚੁਣੇ ਗਏ ਫੈਡਰੇਸ਼ਨ ਦੇ ਪ੍ਰਧਾਨ ਸ਼ ਹਰਭਜਨ ਸਿੰਘ ਭਜੀ
ਖੀਰਾਂਵਾਲੀ ਅਤੇ ਜਨਰਲ ਸੈਕਟਰੀ ਦੀ ਅਗਵਾਈ ਵਿਚ ਸਾਰੀਆਂ ਟੀਮਾਂ ਦਾ ਸੁੰਦਰ ਮਾਰਚ ਪਾਸਟ ਹੋਇਆ ਜਿਸ ਵਿਚ ਸਾਰੀਆਂ ਟੀਮਾਂ ਦੇ ਖਿਡਾਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਮੋਰਟਰਾਂ ਤੇ ਪ੍ਰਬੰਧਕਾਂ ਨੇ ਵੀ ਹਿੱਸਾ ਲਿਆ। ਫੈਡਰੇਸ਼ਨ ਨੇ ਇਸ ਵਾਰ ਇੰਗਲੈਂਡ ਦੇ ਪ੍ਰਸਿੱਧ ਟੈਲੀਵਿਜਨ ਸਿੱਖ ਟੀ. ਵੀ. ਰਾਹੀਂ ਸਾਰੇ ਟੂਰਨਾਮੈਂਟਾਂ ਨੂੰ ਵੱਡੇ ਪੱਧਰ ਤੇ ਕਵਰ ਕਰਨ ਤੇ ਹਰ ਰੋਜ਼ ਪ੍ਰਸਾਰਿਤ ਕਰਨ ਦੇ ਵਿਸ਼ਾਲ ਪ੍ਰਬੰਧ ਕੀਤੇ ਹਨ।
ਹੇਜ਼ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਸਿੰਘ ਸਭਾ ਸਪੋਰਟਸ ਕਲੱਬ ਸਾਊਥਾਲ ਨੇ ਲਿਸਟਰ ਨੂੰ ਹਰਾ ਦਿੱਤਾ। ਦੂਜੇ ਮੈਚ ਵਿਚ ਈਰਥ ਵੁਲਿਚ ਨੇ ਸਲੋਹ ਨੂੰ ਅਤੇ ਤੀਜੇ ਮੈਚ ਵਿਚ ਟੈਲਫੋਰਡ ਕਬੱਡੀ ਕਲੱਬ ਨੇ ਗੁਰੂ ਨਾਨਕ ਕਬੱਡੀ ਕਲੱਬ ਗ੍ਰੇਵਜੈਂਡ ਨੂੰ ਹਰਾ ਦਿੱਤਾ। ਚੌਥੇ ਮੈਚ ਵਿਚ ਗੁਰੂ ਅਰਜਨ ਦੇਵ ਗੁਰਦੁਆਰਾ ਕਬੱਡੀ ਕਲੱਬ ਡਰਬੀ ਨੇ ਜੀ. ਐਨ. ਜੀ. ਕਬੱਡੀ ਕਲੱਬ ਬਰਮਿੰਘਮ ਨੂੰ ਅਤੇ ਪੰਜਵੇਂ ਮੈਚ ਵਿਚ ਹੇਜ਼ ਕਬੱਡੀ ਕਲੱਬ ਨੇ ਸਿੱਖ ਟੈਂਪਲ ਯੁਨਾਈਟਡ ਵੁਲਵਰਹੈਪਟਨ ਨੂੰ ਹਰਾਇਆ। ਛੇਵੈਂ ਮੈਚ ਵਿਚ ਪੰਜਾਬ ਯੁਨਾਈਟ ਕਬੱਡੀ ਕਲੱਬ ਟੈਲਫੋਰਡ-ਵੁਲਵਰਹੈਂਪਟਨ ਨੇ ਸਿੱਖ ਟੈਂਪਲ ਵਾਲਸਲ ਨੂੰ ਜਿੱਤਿਆ। ਸੱਤਵੇਂ ਮੈਚ ਵਿਚ ਸਾਊਥਾਲ ਨੇ ਟੈਲਫੋਰਡ ਨੂੰ ਅਤੇ ਅੱਠਵੇਂ ਮੈਚ ਵਿਚ ਈਰਥ ਨੇ ਡਰਬੀ ਨੂੰ, ਨੌਵੇਂ ਮੈਚ ਵਿਚ ਹੇਜ਼ ਨੇ ਹੁਲ ਨੂੰ ਹਰਾ ਦਿੱਤਾ। ਦਸਵੇਂ ਮੈਚ ਵਿਚ ਪੰਜਾਬ ਯੁਨਾਈਟਡ ਨੇ ਕਵੈਂਟਰੀ ਨੂੰ ਹਰਾ ਦਿੱਤਾ।
ਹੇਜ਼ ਦੇ ਟੂਰਨਾਮੈਂਟ ਵਿਚ ਹੇਜ਼, ਸਾਊਥਾਲ, ਈਰਥ ਅਤੇ ਪੰਜਾਬ ਯੁਨਾਈਟਡ ਦੀਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚੀਆਂ। ਪਹਿਲਾ ਸੈਮੀਫਾਈਨਲ ਹੇਜ਼ ਅਤੇ ਸਾਊਥਾਲ ਦੀਆਂ ਟੀਮਾਂ ਵਿਚਕਾਰ ਹੋਇਆ। ਹੇਜ਼ ਵਲੋਂ ਗੁਰਜੀਤ ਤੂਤ ਅਤੇ ਜਗਮੀਤ ਉਰਫ ਛੋਟਾ ਤੂਤ ਨੇ ਕ੍ਰਮਵਾਰ 5 ਤੇ 8 ਬੇਰੋਕ ਕਬੱਡੀਆਂ ਪਾਈਆਂ। ਤੀਜੇ ਧਾਵੀ ਜਗਦੀਪ ਨੂੰ 9 ਕਬੱਡੀਆਂ ਵਿਚ ਇਕ ਜੱਫਾ ਸਾਊਥਾਲ ਦੇ ਜਾਫੀ ਭਾਲੇ ਨੇ ਲਾਇਆ। ਧਾਵੀ ਬੀਤਾ ਖੋਸਾ ਨੂੰ 8 ਕਬੱਡੀਆਂ ਵਿਚ ਵੀ ਇਕ ਜੱਫਾ ਗੋਲਡੀ ਢੋਟੀਆ ਲਾਉਣ ਵਿਚ ਸਫਲ ਰਿਹਾ। ਦੂਜੇ ਪਾਸੇ ਸਾਊਥਾਲ ਦੇ ਧਾਵੀ ਮੋਠਾ ਭਾਦਸੋਂ ਨੇ 12 ਕਬੱਡੀਆ ਪਾਈਆ। ਮੋਠੇ ਨੂੰ ਹੇਜ਼ ਦੇ ਜਾਫੀ ਗੋਰਾ ਮਰੂੜ ਤੇ ਮਨਪ੍ਰੀਤ ਡਾਲਾ ਨੇ ਇਕ-ਇਕ ਜੱਫਾ ਲਾਇਆ। ਧਾਵੀ ਗੋਲਡੀ ਗੁਰਦਾਸਪੁਰ ਨੂੰ ਵੀ 9 ਕਬੱਡੀਆਂ ਵਿਚ ਇਕ ਜੱਫਾ ਗੋਰਾ ਮਰੂੜ ਨੇ ਹੀ ਲਾਇਆ ਪਰ ਦੂਜੇ ਧਾਵੀਆਂ ਤਾਰੀ ਤੇ ਮੰਤੇ ਨੂੰ 4-4 ਕਬੱਡੀਆਂ ਵਿਚ ਕ੍ਰਮਵਾਰ 3 ਅਤੇ 2 ਜੱਫੇ ਲੱਗੇ ਜਿਨ੍ਹਾ ਵਿਚੋਂ ਇਕ-ਇਕ ਜੱਫਾ ਗੋਰੇ ਤੇ ਬਾਜਾ ਮੱਲ੍ਹਣ ਤੇ ਕੀਪਾ ਦੌਧਰ ਨੇ ਅਤੇ 2 ਜੱਫੇ ਮਨਪ੍ਰੀਤ ਡਾਲਾ ਨੇ ਲਾਏ। ਹੇਜ਼ ਨੇ 22 ਦੇ ਮੁਕਾਬਲੇ ਸਾਢੇ 35 ਅੰਕਾਂ ਨਾਲ ਮੈਚ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਦੂਜਾ ਸੈਮੀ ਫਾਈਨਲ ਪੰਜਾਬ ਯੂਨਾਈਟਡ ਤੇ ਈਰਥ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਪੰਜਾਬ ਯੁਨਾਈਟਡ ਦੇ ਧਾਵੀ ਗੁਰਲਾਲ ਘਨੌਰ ਨੇ 10 ਕਬੱਡੀਆ ਪਾਈਆ ਗੁਰਲਾਲ ਨੂੰ ਇਕ ਜੱਫਾ ਈਰਥ ਦੇ ਜਾਫੀ ਜੱਸੀ ਲੇਲ੍ਹਾਂ ਨੇ ਲਾਇਆ। ਧਾਵੀ ਗੱਗੂ ਹਿੰਮਤਪੁਰ ਨੂੰ 8 ਕਬੱਡੀਆ ਵਿਚ ਇਕ ਇਕ ਜੱਫਾ ਜੱਸੀ ਤੇ ਹੈਪੀ ਬਿਜਲੀ ਨੇ ਲਾਇਆ। ਤੀਜੇ ਧਾਵੀ ਗੁਰਲਾਲ ਜਲਾਲਪੁਰ ਨੇ 13 ਕਬੱਡੀਆਂ ਪਾਈਆ ਗੁਰਲਾਲ ਨੂੰ ਬਲਕਾਰਾ, ਜੱਸੀ ਤੇ ਹੈਪੀ ਬਿਜਲੀ ਨੇ ਇਕ-ਇਕ ਜੱਫਾ ਲਾਇਆ। ਦੂਜੇ ਪਾਸੇ ਈਰਥ ਵਲੋਂ ਕਾਲਾ ਮੀਆਂਵਿੰਡ ਨੇ 13 ਸ਼ਾਨਦਾਰ ਕਬੱਡੀਆ ਪਾਈਆਂ ਕਾਲੇ ਨੂੰ ਸਿਰਫ ਇਕ ਜੱਫਾ ਪੰਜਾਬ ਯੁਨਾਈਟਡ ਦੇ ਜਾਫੀ ਹਰਵਿੰਦਰ ਰੱਬੋਂ ਨੇ ਲਾਇਆ ਜਦਕਿ ਧਾਵੀ ਪਿੰਕਾ ਖਹਿਰਾ ਨੂੰ 10 ਅਤੇ ਅਮਰਜੀਤ ਸਿੰਘ ਨੂੰ 6 ਕਬੱਡੀਆ ਵਿਚ 3-3 ਜੱਫੇ ਲੱਗੇ ਜਿਨ੍ਹ ਵਿਚੋਂ 4 ਜੱਫੇ ਪਾਲਾ ਜਲਾਲਪੁਰ ਅਤੇ 2 ਜੱਫੇ ਰੱਬੋਂ ਨੇ ਲਾਏ ਪਾਲੇ ਤੇ ਰੱਬੋਂ ਦੀ ਇਸੇ ਜੋੜੀ ਨੇ ਹੀ ਈਰਥ ਦੇ ਧਾਵੀ ਸੋਨੂ ਜੰਪ ਦੀਆਂ 2 ਕਬੱਡੀਆਂ ਨੂੰ ਵੀ ਜੱਫਿਆਂ ਵਿਚ ਬਦਲ ਦਿੱਤਾ। ਪੰਜਾਬ ਯੁਨਾਈਟਡ ਨੇ 28 ਦੇ ਮੁਕਾਬਲੇ ਸਾਢੇ 34 ਅੰਕਾਂ ਨਾਲ ਇਹ ਮੈਚ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਫਾਈਨਲ ਮੈਚ ਹੁਣ ਪੰਜਾਬ ਯੁਨਾਈਟਡ ਤੇ ਹੇਜ਼ ਦੀਆਂ ਟੀਮਾਂ ਵਿਚਾਲੇ ਸੀ। ਦੋਵੇਂ ਧਿਰਾਂ ਦੇ ਪ੍ਰਬੰਧਕਾਂ ਦਾ ਸੀਜ਼ਨ ਦਾ ਪਹਿਲਾ ਕੱਪ ਚੁੱਕਣ ਲਈ ਪੂਰਾ ਜ਼ੋਰ ਲੱਗਾ ਹੋਇਆ ਸੀ। ਪੰਜਾਬ ਯੁਨਾਈਟਡ ਵਲੋਂ ਗੁਰਲਾਲ ਘਨੌਰ ਨੇ 18 ਕਬੱਡੀਆਂ ਪਾਈਆ ਗੁਰਲਾਲ ਨੂੰ ਹੇਜ਼ ਦੇ ਜਾਫੀ ਮਨਪ੍ਰੀਤ ਡਾਲਾ ਤੇ ਬਾਜਾ ਮੱਲ੍ਹਣ ਨੇ ਇਕ-ਇਕ ਜੱਫਾ ਲਾਇਆ। ਇਸੇ ਜੋੜੀ ਨੇ ਧਾਵੀ ਕਾਲੂ ਕਾਲਾ ਸੰਘਿਆ ਨੂੰ 5 ਕਬੱਡੀਆ ਵਿਚ ਇਕ-ਇਕ ਜੱਫਾ ਲਾ ਦਿੱਤਾ। ਤੀਜੇ ਧਾਵੀ ਗੁਰਲਾਲ ਜਲਾਲਪੁਰ ਦੀਆ 9 ਕਬੱਡੀਆ ਵਿਚ ਫਿਰ ਹੇਜ਼ ਦੇ ਜਾਫੀ ਗੋਰਾ, ਬਾਜਾ ਤੇ ਡਾਲਾ ਇਕ-ਇਕ ਜੱਫਾ ਲਾਉਣ ਵਿਚ ਸਫਲ ਰਹੇ। ਦੂਜੇ ਪਾਸੇ ਪੰਜਾਬ ਯੁਨਾਈਟਡ ਦੇ ਜਾਫੀ ਪਾਲਾ ਜਲਾਲਪੁਰ ਨੇ ਵੀ ਹੇਜ਼ ਦੇ ਧਾਵੀਆਂ ਨੂੰ ਚੰਗੇ ਹੱਥ ਵਿਖਾਏ। ਹੇਜ ਵਲੋਂ ਧਾਵੀ ਗੁਰਜੀਤ ਤੂਤ ਨੂੰ 13 ਕਬੱਡੀਆਂ ਵਿਚ 2 ਜੱਫੇ ਪਾਲਾ ਜਲਾਲਪੁਰ ਨੇ ਲਾਏ। ਧਾਵੀ ਬੀਤਾ ਖੋਸਾ ਨੂੰ ਵੀ 4 ਕਬੱਡੀਆਂ ਵਿਚ 2 ਜੱਫੇ ਪਾਲਾ ਜਲਾਲਪੁਰ ਨੇ ਹੀ ਲਾਏ। ਤੀਜੇ ਧਾਵੀ ਜਗਦੀਪ ਢੀਮਾਂ ਨੂੰ 10 ਕਬੱਡੀਆਂ ਵਿਚ ਇਕ ਜੱਫਾ ਪਾਲਾਜਲਾਲਪੁਰ ਤੇ 2 ਜੱਫੇ ਹਰਵਿੰਦਰ ਰੱਬੋਂ ਨੇ ਲਾਏ। ਚੌਥੇ ਧਾਵੀ ਜਗਮੀਤ ਤੂਤ ਨੂੰ 5 ਕਬੱਡੀਆਂ ਵਿਚ ਫਿਰ ਇਕ-ਇਕ ਜੱਫਾ ਪਾਲਾ ਜਲਾਲ ਤੇ ਰੱਬੋਂ ਨੇ ਲਾਇਆ। ਇਸ ਤਰ੍ਹਾਂ ਪੰਜਾਬ ਯੁਨਾਈਟਡ ਕਬੱਡੀ ਕਲੱਬ ਟੈਲਫੋਰਡ-ਵੁਲਵਰਹੈਪਟਨ ਨੇ 30 ਦੇ ਮੁਕਾਬਲੇ ਸਾਢੇ 34 ਅੰਕਾਂ ਨਾਲ ਹੇਜ਼ ਨੂੰ ਹਰਾ ਕੇ ਸੀਜ਼ਨ ਦੇ ਪਹਿਲੇ ਕੱਪ ਤੇ ਕਬਜਾ ਕਰ ਲਿਆ ਜਦਕਿ ਹੇਜ਼ ਦੀ ਟੀਮ ਰਨਰ ਅਪ ਰਹੀ। ਪੰਜਾਬ ਯੁਨਾਈਟਡ ਦਾ ਧਾਵੀ ਗੁਰਲਾਲ ਘਨੌਰ ਅਤੇ ਜਾਫੀ ਪਾਲਾ ਜਲਾਲਪੁਰ ਬੈਸਟ ਬਣੇ। ਹੇਜ਼ ਕਲੱਬ ਦੇ ਮੁੱਖ ਪ੍ਰਬੰਧਕ ਕੇਵਲ ਬੂਈਆ, ਬਿੰਦਰ ਭਲੂਰ,ਪਾਲੀ ਧਾæਲੀਵਾਲ ਅਤੇ ਹਰਦੀਪ ਜੰਡੀ ਤੇ ਬਬਲੀ ਚੜਿਕ ਤੇ ਮੁਖ ਮਹਿਮਾਨ ਬਿੱਲੂ ਖਹਿਰਾ ਤੋਂ ਜੇਤੂ ਕੱਪ ਲੈਣ ਸਮੈਂ ਪੰਜਾਬ ਯੁਨਾਈਟਡ ਵਲੋਂ ਤੇ ਪ੍ਰਮੋਟਰ ਮਹਿੰਦਰ ਮੌੜ,ਰਣਜੀਤ ਢੰਡਾ ਬਹਾਦਰ ਸ਼ੇਰਗਿੱਲ, ਗੁਰਨਾਮ ਸ਼ੇਰਗਿੱਲ, ਮੱਖਣ ਸਹੋਤਾ, ਮੱਖਣ ਬੈਂਸ, ਕੁਲਬੀਰ ਬੈਂਸ, ਫੀਰੀ, ਨਛੱਤਰ ਥਿਆੜਾ, ਪਾਲੀ ਚੱਠਾ, ਲਾਲੀ ਘੁੰਮਣ, ਲਹਿੰਬਰ ਕੰਧੋਲਾ, ਹਰਬੇਲ ਛੋਕਰ,ਸੰਨੀ ਥਿਆੜਾ ਤੇ ਬਲਬੀਰ ਹਾਜ਼ਰ ਸਨ।
ਟੂਰਨਾਮੈਂਟ ਦੇ ਮੈਚਾਂ ਦੀ ਕੁਮੈਂਟਰੀ ਪ੍ਰਸਿੱਧ ਕੁਮੈਂਟੇਟਰ ਭਿੰਦਾ ਮੁਠੱਡਾ ਅਤੇ ਸੋਖਾ ਢੇਸੀ ਨੇ ਕੀਤੀ। ਹੇਜ਼ ਦਾ ਮੇਲਾ ਦਰਸ਼ਕਾਂ ਨਾਲ ਪੂਰਾ ਭਰਿਆ ਪਿਆ ਸੀ। ਚਲਦੇ ਮੈਚਾਂ ਦੌਰਾਨ ਮੱਛਰੇ ਹੋਏ ਦਰਸ਼ਕਾ ਦੀਆਂ ਆਪਸ ਵਿਚ ਲੜਾਈਆ ਵੀ ਹੋਈਆਂ ਕਈ ਵਾਰ ਤਾਂ ਮੇਲੇ ਸਿਰੇ ਚੜ੍ਹਦਾ ਵੀ ਮੁਸ਼ਕਲ ਜਾਪਣ ਲੱਗ ਪਿਆ ਸੀ ਪਰ ਫਿਰ ਵੀ ਹੇਜ਼ ਦਾ ਮੇਲਾ ਸੁੱਖੀ-ਸਾਂਦੀ ਸਿਰੇ ਚੜ੍ਹ ਗਿਆ। ਇਸ ਵਾਰ ਪੰਜਾਬ ਤੇ ਪਾਕਿਸਤਾਨੀ ਪੰਜਾਬ ਤੋਂ ਆਏ ਖਿਡਾਰੀਆਂ ਨੇ ਆਪਣੀ ਜੋਰਦਾਰ ਤੇ ਜਾਨਦਾਰ ਖੇਡ ਸਦਕਾ ਦਰਸ਼ਕਾ ਦੀ ਮੈਚਾ ਪ੍ਰਤੀ ਦਿਲਚਸਪੀ ਵਧਾ ਦਿੱਤੀ ਹੈ ਆਸ ਹੈ ਕਿ ਅਗਲੇ ਕਬੱਡੀ ਕੱਪਾਂ ਮੌਕੇ ਵੀ ਦਰਸ਼ਕਾਂ ਦੇ ਚੰਗੇ ਇਕੱਠ ਹੋਣਗੇ।
No comments:
Post a Comment